ਆਵਾਸ ਮੰਤਰੀ ਸਿਆਨ ਫਰੇਜ਼ਰ ਨੇ ਕੈਨੇਡਾ ਦੇ ਸੂਬਾਈ ਅਤੇ ਕੇਂਦਰ ਸ਼ਾਸਿਤ ਖੇਤਰਾਂ ਦੇ ਆਵਾਸ ਵਿਭਾਗ ਦੇ ਮੰਤਰੀਆਂ ਨਾਲ ਮੀਟਿੰਗ ਕਰਦਿਆਂ ਕੈਨੇਡੀਅਨ ਆਵਾਸ ਪ੍ਰਬੰਧ ਦੀਆਂ ਖਾਮੀਆਂ ਦੂਰ ਕਰਨ ਸਬੰਧੀ ਚਰਚਾ ਕੀਤੀ। ਉਨ੍ਹਾਂ ਮੰਤਰੀਆਂ ਤੋਂ ਨੀਤੀਆਂ ’ਚ ਬਦਲਾਅ ਲਈ ਲੋਡ਼ੀਂਦੇ ਸੁਝਾਅ ਵੀ ਲਏ। ਕੇਂਦਰੀ ਮੰਤਰੀ ਨੇ ਵਿਭਾਗੀ ਮੰਤਰੀਆਂ ਨਾਲ ਅਗਲੇ ਸਾਲਾਂ ਦੌਰਾਨ ਹਰੇਕ ਸੂਬੇ ’ਚ ਪੈਦਾ ਹੋਣ ਵਾਲੇ ਰੁਜ਼ਗਾਰ ਦੇ ਮੌਕਿਆਂ ਅਤੇ ਉਨ੍ਹਾਂ ਨਾਲ ਦੇਸ਼ ਦੀ ਆਰਥਿਕਤਾ ’ਤੇ ਪੈਣ ਵਾਲੇ ਕੌਮੀ ਅਤੇ ਸਥਾਨਕ ਪ੍ਰਭਾਵਾਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ। ਨਿਊਬ੍ਰੰਸਵਿਕ ਦੇ ਸ਼ਹਿਰ ਸੇਂਟ-ਜੌਹਨ ’ਚ ਹੋਈ ਦੋ ਰੋਜ਼ਾ ਮੀਟਿੰਗ ਦੌਰਾਨ ਕੇਂਦਰੀ ਮੰਤਰੀ ਨੇ ਆਵਾਸ ਪ੍ਰਬੰਧ ’ਤੇ ਉੱਠਦੀਆਂ ਉਂਗਲਾਂ ਬਾਰੇ ਚਰਚਾ ਕੀਤੀ। ਮੰਤਰਾਲੇ ਨੇ ਮੀਟਿੰਗ ਦੌਰਾਨ ਐਕਸਪ੍ਰੈੱਸ ਐਂਟਰੀ ਪ੍ਰੋਗਰਾਮ ਵਿਚਲੀਆਂ ਜਾਅਲਸਾਜ਼ੀਆਂ ਖ਼ਤਮ ਕਰਨ ’ਤੇ ਜ਼ੋਰ ਦਿੱਤਾ। ਮੰਤਰੀ ਨੇ ਸੂਬਾਈ ਮੰਗ ਪ੍ਰੋਗਰਾਮ ’ਚ ਸੂਬਿਆਂ ਦੀ ਮਹੱਤਤਾ ’ਤੇ ਧਿਆਨ ਕੇਂਦਰਿਤ ਕਰਨ ’ਤੇ ਜ਼ੋਰ ਦਿੱਤਾ। ਮੰਤਰੀ ਨੇ ਪੱਕੇ ਹੋਣ ਲਈ ਖੇਤਰੀ ਮੌਕਿਆਂ ਦੇ ਫਾਇਦੇ ਉਠਾਉਣ ਮਗਰੋਂ ਹੋਰ ਸੂਬਿਆਂ ਵੱਲ ਰੁਝਾਨ ਕਰਨ ਵਾਲਿਆਂ ਨੂੰ ਸਮਾਂਬੱਧ ਕੀਤੇ ਜਾਣ ਦਾ ਸੰਕੇਤ ਦਿੱਤਾ। ਸਰਕਾਰੀ ਸੂਤਰਾਂ ਅਨੁਸਾਰ ਵੀਜ਼ਾ ਨੀਤੀਆਂ ’ਚ ਵੱਡੇ ਬਦਲਾਅ ਹੋਣ ਦੀ ਸੰਭਾਵਨਾ ਹੈ ਜਿਸ ਨਾਲ ਸਿਸਟਮ ਦੀਆਂ ਖਾਮੀਆਂ ਦਾ ਫਾਇਦਾ ਉਠਾ ਕੇ ਪੀ.ਆਰ. ਹੋਣ ਵਾਲਿਆਂ ਦਾ ਰਾਹ ਮੁਸ਼ਕਲ ਹੋ ਜਾਵੇਗਾ। ਦੂਜੇ ਸ਼ਬਦਾਂ ’ਚ ਨਵੀਂ ਇਮੀਗਰੇਸ਼ਨ ਨੀਤੀ ਬਣ ਕੇ ਲਾਗੂ ਹੋਣ ਨਾਲ ਸਿਸਟਮ ਦੀਆਂ ਖਾਮੀਆਂ ਦਾ ਲਾਹਾ ਲੈਣਾ ਸੌਖਾ ਨਹੀਂ ਹੋਵੇਗਾ।