ਰਵਾਇਤੀ ਵਿਰੋਧੀ ਇੰਡੀਆ ਤੇ ਪਾਕਿਸਤਾਨ ਦਾ ਮੈਚ ਕ੍ਰਿਕਟ ਪ੍ਰਸ਼ੰਸਕਾਂ ਦੀ ਪਹਿਲੀ ਪਸੰਦ ਰਿਹਾ ਹੈ। ਭਾਵੇਂ ਉਹ ਏਸ਼ੀਆ ਕੱਪ ਹੋਵੇ ਜਾਂ ਵਿਸ਼ਵ ਕੱਪ ਜਾਂ ਫਿਰ ਕੋਈ ਹੋਰ ਫਾਰਮੈਟ। 10 ਮਹੀਨਿਆਂ ਬਾਅਦ 28 ਅਗਸਤ ਨੂੰ ਦੁਬਈ ‘ਚ ਏਸ਼ੀਆ ਕੱਪ ‘ਚ ਦੋਵੇਂ ਦੇਸ਼ ਆਹਮੋ-ਸਾਹਮਣੇ ਹੋਣਗੇ। ਇਸ ਤੋਂ ਪਹਿਲਾਂ ਦੋਵੇਂ ਇਸ ਮੈਦਾਨ ‘ਤੇ 24 ਅਕਤੂਬਰ 2021 ‘ਚ ਟੀ20 ਵਿਸ਼ਵ ਕੱਪ ਖੇਡੇ ਸਨ, ਜਿਸ ‘ਚ ਪਾਕਿਸਤਾਨ ਨੂੰ 10 ਵਿਕਟਾਂ ਨਾਲ ਜਿੱਤ ਮਿਲੀ ਸੀ। ਦੂਜੇ ਪਾਸੇ ਏਸ਼ੀਆ ਕੱਪ ਟੂਰਨਾਮੈਂਟ ‘ਚ ਭਾਰਤ-ਪਾਕਿ ਵਿਚਾਲੇ ਮੈਚਾਂ ਦੀ ਗੱਲ ਕਰੀਏ ਤਾਂ ਟੀਮ ਇੰਡੀਆ ਦਾ ਇਥੇ ਪਲੜਾ ਭਾਰੀ ਹੈ। ਉਸ ਨੇ 14 ਮੈਚਾਂ ‘ਚ 8 ‘ਚ ਜਿੱਤ ਦਰਜ ਕੀਤੀ ਹੈ, ਜਦਕਿ ਪਾਕਿ ਨੂੰ ਪੰਜ ‘ਚ ਜਿੱਤ ਮਿਲੀ ਹੈ। ਸਭ ਦੋਂ ਅਹਿਮ ਗੱਲ ਇਹ ਹੈ ਕਿ ਏਸ਼ੀਆ ਕੱਪ ‘ਚ ਬਾਅਦ ‘ਚ ਬੱਲੇਬਾਜ਼ੀ ਕਰਨ ਵਾਲੀ ਟੀਮ ਜ਼ਿਆਦਾ ਫਾਇਦੇ ‘ਚ ਰਹੀ ਹੈ ਟੀਚੇ ਦਾ ਪਿੱਛਾ ਕਰਦੇ ਹੋਏ ਇੰਡੀਆ ਨੇ 7 ਤੇ ਪਾਕਿਸਤਾਨ ਨੇ 3 ਵਾਰ ਜਿੱਤ ਦਰਜ ਕੀਤੀ ਹੈ। ਭਾਰਤ-ਪਾਕਿ ਮੁਕਾਬਲੇ ਤੋਂ ਇਲਾਵਾ ਵੈਸੇ ਵੀ ਏਸ਼ੀਆ ਕੱਪ ‘ਚ ਇੰਡੀਆ ਸਰਵਸ੍ਰੇਸ਼ਠ ਟੀਮ ਰਹੀ ਹੈ। ਇੰਡੀਆ 7 ਵਾਰ ਜੇਤੂ ਰਿਹਾ ਹੈ, ਜਦਕਿ ਤਿੰਨ ਵਾਰ ਉਪ ਜੇਤੂ ਰਿਹਾ ਹੈ, ਜਦਕਿ ਪਾਕਿਸਤਾਨ ਤਿੰਨ ਵਾਰ ਉਪ ਜੇਤੂ ਰਿਹਾ ਹੈ। ਪਾਕਿਸਤਾਨ ਨੇ ਦੋ ਵਾਰ ਖਿਤਾਬ ਜਿੱਤੇ ਹਨ। ਏਸ਼ੀਆ ਕੱਪ ‘ਚ ਭਾਰਤ-ਪਾਕਿ ਇਕ ਵਾਰ ਵੀ ਫਾਈਨਲ ‘ਚ ਨਹੀਂ ਖੇਡੇ ਹਨ। ਇੰਡੀਆ ਨੇ ਕੁਲ 10 ਫਾਈਨਲ ਖੇਡੇ ਹਨ। ਇਨ੍ਹਾਂ ‘ਚੋਂ ਅੱਠ ਖ਼ਿਤਾਬੀ ਮੁਕਾਬਲੇ ਸ੍ਰੀਲੰਕਾ ਨਾਲ ਹੋਏ ਹਨ। ਇੰਡੀਆ ਨੇ ਪੰਜ ਤਾਂ ਸ਼੍ਰੀਲੰਕਾ ਨੇ ਤਿੰਨ ਵਾਰ ਜਿੱਤ ਦਰਜ ਕੀਤੀ ਹੈ। ਇਸ ਤੋਂ ਇਲਾਵਾ ਪਿਛਲੇ ਦੋ ਫਾਈਨਲ ਇੰਡੀਆ ਤੇ ਬੰਗਲਾਦੇਸ਼ ਦਰਮਿਆਨ ਹੋਏ ਹਨ। ਇਨ੍ਹਾਂ ‘ਚੋਂ ਇੰਡੀਆ ਦੋਵੇਂ ਵਾਰ ਜੇਤੂ ਰਿਹਾ। ਪਾਕਿਸਤਾਨ ਚਾਰ ਵਾਰ ਫਾਈਨਲ ਖੇਡ ਚੁੱਕਾ ਹੈ। ਇਨ੍ਹਾਂ ‘ਚੋਂ ਦੋ ਵਾਰ ਜੇਤੂ ਤਾਂ ਦੋ ਵਾਰ ਉਪ ਜੇਤੂ ਬਣਿਆ ਹੈ। ਪਾਕਿਸਤਾਨ ਦਾ ਚਾਰੋਂ ਵਾਰ ਫਾਈਨਲ ਮੈਚ ਸ੍ਰੀਲੰਕਾ ਨਾਲ ਹੋਇਆ ਹੈ। 6 ਟੀਮਾਂ ਦੇ ਏਸ਼ੀਆ ਕੱਪ ‘ਚ ਇੰਡੀਆ ਤੇ ਪਾਕਿਸਤਾਨ ਗਰੁੱਪ ਏ ‘ਚ ਹਨ ਜਦਕਿ ਇਕ ਟੀਮ ਕੁਆਲੀਫਾਇਰ ਤੋਂ ਆਵੇਗੀ। ਗਰੁੱਪ ਬੀ ‘ਚ ਸ੍ਰੀਲੰਕਾ, ਬੰਗਲਾਦੇਸ਼ ਤੇ ਅਫਗਾਨਿਸਤਾਨ ਹਨ। ਹਰ ਗਰੁੱਪ ਦੀਆਂ ਦੋ ਟੀਮਾਂ ਸੁਪਰ-4 ‘ਚ ਪ੍ਰਵੇਸ਼ ਕਰਨਗੀਆਂ। ਗਰੁੱਪ ‘ਚ ਤੀਜੀ ਕੁਆਲੀਫਾਇਰ ਟੀਮ ਟੀਮ ਯੂ.ਏ.ਈ, ਹਾਂਗਕਾਂਗ, ਸਿੰਗਾਪੁਰ ਤੇ ਕੁਵੈਤ ‘ਚੋਂ ਇਕ ਹੋਵੇਗੀ। ਕੋਈ ਵੱਡਾ ਉਲਟਫੇਰ ਨਹੀਂ ਹੋਇਆ ਤਾਂ ਇੰਡੀਆ ਤੇ ਪਾਕਿਸਤਾਨ ਸੁਪਰ-4 ‘ਚ ਆਸਾਨੀ ਨਾਲ ਪੁੱਜ ਜਾਣਗੇ। ਸੁਪਰ-4 ‘ਚ ਹਰ ਟੀਮ ਇਕ-ਦੂਜੇ ਨਾਲ ਮੈਚ ਖੇਡੇਗੀ। ਅਜਿਹੇ ‘ਚ ਇੰਡੀਆ ਤੇ ਪਾਕਿਸਤਾਨ ਦਰਮਿਆਨ ਦੂਜਾ ਮੁਕਾਬਲਾ ਸੁਪਰ-4 ‘ਚ ਵੀ ਦੇਖਣ ਨੂੰ ਮਿਲੇਗਾ। ਚੋਟੀ ਦੀਆਂ ਦੋ ਟੀਮਾਂ ਦਾ ਫਾਈਨਲ ਹੋਵੇਗਾ। ਇੰਡੀਆ ਤੇ ਪਾਕਿਸਤਾਨ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਕਾਫ਼ੀ ਮਜ਼ਬੂਤ ਟੀਮਾਂ ਹਨ। ਇਸ ਲਈ ਪੂਰੇ ਆਸਾਰ ਹਨ ਕਿ ਇਸ ਵਾਰ ਖ਼ਿਤਾਬੀ ਜੰਗ ਇੰਡੀਆ ਤੇ ਪਾਕਿਸਤਾਨ ਦਰਮਿਆਨ ਦੇਖਣ ਨੂੰ ਮਿਲੇਗੀ। ਜੇਕਰ ਅਜਿਹਾ ਹੋਇਆ ਤਾਂ ਇਕ ਹੀ ਟੂਰਨਾਮੈਂਟ ‘ਚ ਇੰਡੀਆ-ਪਾਕਿ ਦੇ ਤਿੰਨ ਮੁਕਾਬਲੇ ਹੋ ਸਕਦੇ ਹਨ।