ਪਾਕਿਸਤਾਨ ਨੇ ਨਸੀਮ ਸ਼ਾਹ (14 ਅਜੇਤੂ) ਦੇ ਆਖਰੀ 2 ਗੇਂਦਾਂ ‘ਤੇ 2 ਛੱਕਿਆਂ ਦੀ ਬਦੌਲਤ ਅਫਗਾਨਿਸਤਾਨ ਨੂੰ ਏਸ਼ੀਆ ਕੱਪ ਦੇ ਮੈਚ ‘ਚ ਇਕ ਵਿਕਟ ਨਾਲ ਹਰਾ ਦਿੱਤਾ। ਅਫਗਾਨਿਸਤਾਨ ਨੇ ਪਾਕਿਸਤਾਨ ਨੂੰ 20 ਓਵਰਾਂ ‘ਚ 130 ਦੌੜਾਂ ਦਾ ਟੀਚਾ ਦਿੱਤਾ ਸੀ ਜਿਸ ਨੂੰ ਉਸ ਨੇ 9 ਵਿਕਟਾਂ ਗੁਆ ਕੇ 19.2 ਓਵਰਾਂ ‘ਚ ਹਾਸਲ ਕਰ ਲਿਆ। ਪਾਕਿਸਤਾਨ ਨੂੰ ਆਖਰੀ ਤਿੰਨ ਓਵਰਾਂ ‘ਚ 25 ਦੌੜਾਂ ਦੀ ਲੋੜ ਸੀ ਪਰ 18ਵੇਂ ਓਵਰ ‘ਚ ਮੁਹੰਮਦ ਨਵਾਜ਼ ਤੇ ਖੁਸ਼ਦਿਲ ਸ਼ਾਹ ਦੀ ਵਿਕਟ ਡਿੱਗਣ ਤੋਂ ਬਾਅਦ ਮੈਚ ਅਫਗਾਨਿਸਤਾਨ ਦੀ ਝੋਲੀ ‘ਚ ਆ ਗਿਆ ਸੀ। 19ਵੇਂ ਓਵਰ ‘ਚ ਹੈਰਿਸ ਰਾਓਫ ਤੇ ਆਸਿਫ ਅਲੀ ਦੇ ਆਊਟ ਹੋਣ ‘ਤੇ ਪਾਕਿਸਤਾਨ 9 ਵਿਕਟਾਂ ਗੁਆ ਚੁੱਕਾ ਸੀ, ਜਦਕਿ ਉਸ ਨੂੰ 6 ਗੇਂਦਾਂ ‘ਤੇ 11 ਦੌੜਾਂ ਦੀ ਲੋੜ ਸੀ। 10ਵੇਂ ਨੰਬਰ ਦੇ ਬੱਲੇਬਾਜ਼ ਨਸੀਮ ਸ਼ਾਹ ਨੇ ਇਥੇ 20ਵੇਂ ਓਵਰ ਦੀਆਂ ਪਹਿਲੀਆਂ 2 ਗੇਂਦਾਂ ‘ਤੇ 2 ਛੱਕੇ ਲਾ ਕੇ ਪਾਕਿਸਤਾਨ ਨੂੰ ਜਿੱਤ ਦਿਵਾ ਦਿੱਤੀ। ਏਸ਼ੀਆ ਕੱਪ ਦੇ ਫਾਈਨਲ ‘ਚ ਪਹੁੰਚਣ ਲਈ ਇੰਡੀਆ ਦੀਆਂ ਉਮੀਦਾਂ ਅਫਗਾਨਿਸਤਾਨ ‘ਤੇ ਨਿਰਭਰ ਸਨ ਤੇ ਉਸ ਦੀ ਹਾਰ ਦੇ ਨਾਲ ਭਾਰਤ ਦੀ ਏਸ਼ੀਆ ਕੱਪ ਮੁਹਿੰਮ ਵੀ ਖ਼ਤਮ ਹੋ ਗਈ।