ਇੰਡੀਆ ਦੀ ਸਟਾਰ ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਏਸ਼ਿਅਨ ਕੱਪ ਟੇਬਲ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ‘ਚ ਪੁੱਜਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਉਨ੍ਹਾਂ ਕੁਆਰਟਰ ਫਾਈਨਲ ‘ਚ ਚੀਨੀ ਤਾਇਪੇ ਦੀ ਆਪਣੇ ਤੋਂ ਬਿਹਤਰ ਰੈਂਕਿੰਗ ਦੀ ਚੇਨ ਸੂ ਯੂ ਨੂੰ 4-3 ਨਾਲ ਹਰਾਇਆ। ਵਿਸ਼ਵ ਰੈਂਕਿੰਗ ‘ਚ 44ਵੇਂ ਨੰਬਰ ਦੀ ਮਨਿਕਾ ਨੇ ਮਹਿਲਾ ਸਿੰਗਲਜ਼ ਦੇ ਮੈਚ ‘ਚ ਵਿਸ਼ਵ ਦੀ 23ਵੇਂ ਨੰਬਰ ਦੀ ਚੇਨ ਨੂੰ 6-11, 11-6, 11-5, 11-7, 8-11, 9-11, 11-9 ਨਾਲ ਹਰਾਇਆ। ਇਸ ਭਾਰਤੀ ਖਿਡਾਰਨ ਨੇ ਇਸ ਤੋਂ ਪਹਿਲਾਂ ਚੀਨ ਦੀ ਦੁਨੀਆ ‘ਚ ਸੱਤਵੇਂ ਨੰਬਰ ਦੀ ਚੇਨ ਜਿੰਗਟੋਂਗ ਨੂੰ ਉਲਟਫੇਰ ਦਾ ਸ਼ਿਕਾਰ ਬਣਾਇਆ ਸੀ। ਮਨਿਕਾ ਸੈਮੀਫਾਈਨਲ ‘ਚ ਕੋਰੀਆ ਦੀ ਜਿਓਨ ਜਿਹੀ ਤੇ ਜਾਪਾਨ ਦੀ ਮੀਮਾ ਇਤੋ ਵਿਚਾਲੇ ਹੋਣ ਵਾਲੇ ਮੈਚ ਦੀ ਜੇਤੂ ਨਾਲ ਭਿੜੇਗੀ।