ਦੂਜਾ ਵਰਲਡ ਚੈਂਪੀਅਨਸ਼ਿਪ ਖਿਤਾਬ ਜਿੱਤਣ ਤੋਂ ਬਾਅਦ ਨਿਖਤ ਜ਼ਰੀਨ ਨੇ ਕਿਹਾ ਕਿ ਉਹ ਐਤਵਾਰ ਨੂੰ ਖਤਮ ਹੋਏ ਵਿਸ਼ਵ ਪੱਧਰੀ ਮੁਕਾਬਲੇ ਤੋਂ ਪ੍ਰਾਪਤ ਹੋਏ ਤਜ਼ਰਬੇ ਦਾ ਵੱਧ ਤੋਂ ਵੱਧ ਫਾਇਦਾ ਉਠਾਉਣਾ ਚਾਹੁੰਦੀ ਹੈ ਅਤੇ ਇਸ ਸਾਲ ਦੇ ਅੰਤ ‘ਚ ਹੋਣ ਵਾਲੀਆਂ ਏਸ਼ੀਅਨ ਗੇਮਜ਼ ਤੋਂ 2024 ਓਲੰਪਿਕ ਲਈ ਕੁਆਲੀਫਾਈ ਕਰਨਾ ਚਾਹੁੰਦੀ ਹੈ। ਏਸ਼ੀਅਨ ਖੇਡਾਂ ਪੈਰਿਸ ਓਲੰਪਿਕ ਲਈ ਮਹਾਂਦੀਪ ਦੇ ਮੁੱਕੇਬਾਜ਼ਾਂ ਲਈ ਪਹਿਲਾ ਕੁਆਲੀਫਾਇੰਗ ਟੂਰਨਾਮੈਂਟ ਹੈ। ਪਿਛਲੇ ਸਾਲ 52 ਕਿਲੋਗ੍ਰਾਮ ‘ਚ ਵਿਸ਼ਵ ਖਿਤਾਬ ਜਿੱਤਣ ਵਾਲੀ ਨਿਖਤ ਹੁਣ 50 ਕਿਲੋਗ੍ਰਾਮ ‘ਚ ਦੂਜੀ ਵਾਰ ਵਿਸ਼ਵ ਚੈਂਪੀਅਨ ਬਣ ਗਈ ਹੈ, ਜੋ ਕਿ ਓਲੰਪਿਕ ਵਰਗ ਹੈ। ਨਿਖਤ ਨੇ ਕਿਹਾ, ‘ਇਹ ਟੂਰਨਾਮੈਂਟ ਚੰਗਾ ਅਨੁਭਵ ਸੀ। ਖਾਸ ਕਰਕੇ 50 ਕਿਲੋ ਵਰਗ ‘ਚ, ਜੋ ਕਿ ਓਲੰਪਿਕ ਵਰਗ ਹੈ। ਮੈਨੂੰ ਦਰਜਾ ਵੀ ਨਹੀਂ ਮਿਲਿਆ ਸੀ ਇਸ ਲਈ ਮੈਨੂੰ ਛੇ ਮੈਚ ਲੜਨੇ ਪਏ। ਪਰ ਅੰਤ ‘ਚ ਮੈਂ ਇੱਥੇ ਸੋਨਾ ਜਿੱਤਿਆ ਜਿਸ ਤੋਂ ਮੈਂ ਬਹੁਤ ਖੁਸ਼ ਹਾਂ। ਇਸ 50 ਕਿਲੋ ਭਾਰ ਵਰਗ ‘ਚ ਵਰਲਡ ਚੈਂਪੀਅਨਸ਼ਿਪ ਨਿਖਤ ਦਾ ਦੂਜਾ ਅੰਤਰਰਾਸ਼ਟਰੀ ਟੂਰਨਾਮੈਂਟ ਸੀ। ਉਸ ਨੇ ਪਿਛਲੇ ਸਾਲ ਰਾਸ਼ਟਰਮੰਡਲ ਖੇਡਾਂ ‘ਚ ਇਸੇ ਭਾਰ ਵਰਗ ‘ਚ ਸੋਨ ਤਗ਼ਮਾ ਜਿੱਤਿਆ ਸੀ। ਉਸ ਨੇ ਕਿਹਾ, ‘ਮੇਰੇ ਲਈ ਇਸ ਭਾਰ ਵਰਗ ‘ਚ ਰਾਸ਼ਟਰਮੰਡਲ ਖੇਡਾਂ ਤੋਂ ਬਾਅਦ ਇਹ ਵੱਡਾ ਟੂਰਨਾਮੈਂਟ ਹੈ। ਰਾਸ਼ਟਰਮੰਡਲ ਖੇਡਾਂ ‘ਚ ਇੰਨਾ ਮੁਕਾਬਲਾ ਨਹੀਂ ਹੈ।’ ਉਸ ਨੇ ਕਿਹਾ, ‘ਦੁਨੀਆ ਭਰ ਦੇ ਦੇਸ਼ ਇਥੇ ਆਉਂਦੇ ਹਨ ਅਤੇ ਮੇਰੇ ਲਗਾਤਾਰ ਮੈਚ ਸਨ ਜਿਸ ਕਾਰਨ ਮੈਂ ਕੁਝ ਮੈਚਾਂ ‘ਚ ਥੋੜ੍ਹੀ ਸੁਸਤ ਸੀ। ਮੈਂ ਇਨ੍ਹਾਂ ਤਜ਼ਰਬਿਆਂ ਤੋਂ ਸਿੱਖਾਂਗੀ ਅਤੇ ਮਜ਼ਬੂਤ ਬਣਨ ਦੀ ਕੋਸ਼ਿਸ਼ ਕਰਾਂਗੀ।’ ਨਿਖਤ ਛੇ ਵਾਰ ਦੀ ਵਰਲਡ ਚੈਂਪੀਅਨ ਐਮ.ਸੀ. ਮੈਰੀਕਾਮ ਤੋਂ ਬਾਅਦ ਦੋ ਵਿਸ਼ਵ ਖਿਤਾਬ ਜਿੱਤਣ ਵਾਲੀ ਦੂਜੀ ਭਾਰਤੀ ਮੁੱਕੇਬਾਜ਼ ਹੈ।