ਟੇਸਲਾ ਅਤੇ ਸਪੇਸਐਕਸ ਦੇ ਸੀ.ਈ.ਓ. ਏਲਨ ਮਸਕ ਨੇ ਇਕ ਵਾਰ ਫਿਰ ਯੂ-ਟਰਨ ਲੈ ਲਿਆ ਹੈ। ਦਰਅਸਲ ਸਵੇਰੇ ਉਨ੍ਹਾਂ ਨੇ ਇਕ ਟਵੀਟ ਕੀਤਾ ਸੀ, ਜਿਸ ‘ਚ ਲਿਖਿਆ ਸੀ, ‘ਮੈਂ ਮਾਨਚੈਸਟਰ ਯੂਨਾਈਟਿਡ ਨੂੰ ਖ਼ਰੀਦ ਰਿਹਾ ਹਾਂ, ਤੁਹਾਡਾ ਸੁਆਗਤ ਹੈ।’ ਕੁਝ ਸਮੇਂ ਬਾਅਦ ਉਨ੍ਹਾਂ ਨੇ ਖ਼ੁਦ ਇਸ ਖ਼ਬਰ ਦਾ ਖੰਡਨ ਕੀਤਾ ਅਤੇ ਕਿਹਾ ਕਿ ਇਹ ਟਵਿੱਟਰ ‘ਤੇ ਲੰਬੇ ਸਮੇਂ ਤੋਂ ਚੱਲ ਰਿਹਾ ਮਜ਼ਾਕ ਹੈ। ਮਾਈਕ੍ਰੋ-ਬਲੌਗਿੰਗ ਪਲੇਟਫਾਰਮ ‘ਤੇ ਇਕ ਉਪਭੋਗਤਾ ਦੁਆਰਾ ਪੁੱਛੇ ਜਾਣ ‘ਤੇ ਕਿ ਕੀ ਉਹ ਕਲੱਬ ਨੂੰ ਖ਼ਰੀਦਣ ਲਈ ਗੰਭੀਰ ਹਨ ਤਾਂ ਮਸਕ ਨੇ ਜਵਾਬ ਦਿੱਤਾ: ‘ਨਹੀਂ, ਇਹ ਟਵਿੱਟਰ ‘ਤੇ ਲੰਬੇ ਸਮੇਂ ਤੋਂ ਚੱਲ ਰਿਹਾ ਮਜ਼ਾਕ ਹੈ। ਮੈਂ ਕੋਈ ਸਪੋਰਟਸ ਟੀਮ ਨਹੀਂ ਖ਼ਰੀਦ ਰਿਹਾ ਹਾਂ।’ ਇਸ ਤੋਂ ਪਹਿਲਾਂ, ਦੂਜੇ ਉਪਭੋਗਤਾਵਾਂ ਨੂੰ ਜਵਾਬ ਦਿੰਦੇ ਹੋਏ, ਮਸਕ ਨੇ ਕਿਹਾ ਕਿ ਉਹ ਮਾਨਚੈਸਟਰ ਯੂਨਾਈਟਿਡ ਨੂੰ ਖ਼ਰੀਦ ਰਹੇ ਹਨ। ਹਾਲਾਂਕਿ, ਇਹ ਤੁਰੰਤ ਸਪੱਸ਼ਟ ਨਹੀਂ ਹੋਇਆ ਸੀ ਕਿ ਕੀ ਮਸਕ ਸਿਰਫ਼ ਮਜ਼ੇ ਕਰ ਰਹੇ ਸਨ ਜਾਂ ਪ੍ਰਾਪਤੀ ਨੂੰ ਲੈ ਕੇ ਗੰਭੀਰ ਸਨ। ਅਮਰੀਕਨ ਗਲੇਜ਼ਰ ਪਰਿਵਾਰ ਇਸ ਕਲੱਬ ਦਾ ਮਾਲਕ ਹੈ, ਜਿਸ ਨੇ ਇਸ ਨੂੰ 2005 ‘ਚ ਲਗਭਗ 790 ਮਿਲੀਅਨ ਪੌਂਡ ‘ਚ ਖ਼ਰੀਦਿਆ ਸੀ। ਦੱਸਦੇਈਏ ਕਿ ਇਸ ਤੋਂ ਪਹਿਲਾਂ ਏਲਨ ਮਸਕ ਨੇ 44 ਅਰਬ ਡਾਲਰ ‘ਚ ਟਵਿਟਰ ਨੂੰ ਖ਼ਰੀਦਣ ਦਾ ਐਲਾਨ ਕੀਤਾ ਸੀ। ਹਾਲਾਂਕਿ ਬਾਅਦ ਵਿਚ ਉਨ੍ਹਾਂ ਨੇ ਇਸ ਡੀਲ ਨੂੰ ਤੋੜ ਦਿੱਤਾ ਸੀ। ਟਵਿਟਰ ਨਾਲ ਡੀਲ ਤੋੜਨ ਕਾਰਨ ਮਸਕ ਨੂੰ ਇਨ੍ਹੀਂ ਦਿਨੀਂ ਅਦਾਲਤ ਦੇ ਚੱਕਰ ਵੀ ਲਗਾਉਣੇ ਪੈ ਰਹੇ ਹਨ।