ਪੇਰੂ ਦੇ ਲੀਮਾ ਇੰਟਰਨੈਸ਼ਨਲ ਏਅਰਪੋਰਟ ਤੋਂ ਉਡਾਣ ਭਰ ਰਿਹਾ ਲੇਟੈਮ ਏਅਰਲਾਈਨਜ਼ ਦਾ ਜਹਾਜ਼ ਰਨਵੇਅ ‘ਤੇ ਇੱਕ ਫਾਇਰ ਬ੍ਰਿਗੇਡ ਦੇ ਟਰੱਕ ਨਾਲ ਟਕਰਾ ਗਿਆ ਅਤੇ ਉਸ ‘ਚ ਅੱਗ ਲੱਗ ਗਈ। ਜਹਾਜ਼ ਅਤੇ ਟਰੱਕ ਵਿਚਾਲੇ ਹੋਈ ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੱਕ ਦੇ ਪਰਖੱਚੇ ਉੱਡ ਗਏ ਅਤੇ ਨਾਲ ਹੀ ਜਹਾਜ਼ ਦਾ ਵੀ ਨੁਕਸਾਨ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਦੇ ਯਾਤਰੀ ਅਤੇ ਚਾਲਕ ਦਲ ਸਾਰੇ ਸੁਰੱਖਿਅਤ ਹਨ, ਪਰ ਟਰੱਕ ‘ਚ ਸਵਾਰ ਦੋ ਫਾਇਰਫਾਈਟਰ ਮਾਰੇ ਗਏ। ਲੀਮਾ ਏਅਰਪੋਰਟ ਪਾਰਟਨਰਜ਼ ਦਾ ਸੰਚਾਲਨ ਕਰਨ ਵਾਲੀ ਕੰਪਨੀ ਨੇ ਇਕ ਟਵੀਟ ‘ਚ ਕਿਹਾ ਕਿ ਏਅਰਪੋਰਟ ‘ਤੇ ਸੰਚਾਲਨ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਏਅਰਬੱਸ ਏ320 ਐੱਨ.ਈ.ਓ. ‘ਚ 102 ਯਾਤਰੀ ਅਤੇ ਚਾਲਕ ਦਲ ਦੇ 6 ਮੈਂਬਰ ਸਵਾਰ ਸਨ। ਕੰਪਨੀ ਨੇ ਕਿਹਾ, ‘ਸਾਡੀਆਂ ਟੀਮਾਂ ਸਾਰੇ ਯਾਤਰੀਆਂ ਨੂੰ ਲੋੜੀਂਦੀ ਦੇਖਭਾਲ ਪ੍ਰਦਾਨ ਕਰ ਰਹੀਆਂ ਹਨ।’ ਫਾਇਰ ਡਿਪਾਰਟਮੈਂਟ ਦੇ ਜਨਰਲ ਕਮਾਂਡਰ ਲੁਈਸ ਪੋਂਸ ਲਾ ਜਾਰਾ ਨੇ ਕਿਹਾ ਕਿ ਦੋ ਫਾਇਰਫਾਈਟਰਾਂ ਦੀ ਮੌਤ ਹੋ ਗਈ ਅਤੇ ਇਕ ਜ਼ਖ਼ਮੀ ਹੋ ਗਿਆ। ਰਾਸ਼ਟਰਪਤੀ ਪੇਡਰੋ ਕਾਸਟੀਲੋ ਨੇ ਇਕ ਟਵੀਟ ‘ਚ ਅੱਗ ਫਾਇਰ ਫਾਈਟਰਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ। ਫਲਾਈਟ ਐੱਲ.ਏ. 2213 ਲੀਮਾ ਦੇ ਮੁੱਖ ਏਅਰਪੋਰਟ ਤੋਂ ਪੇਰੂ ਦੇ ਸ਼ਹਿਰ ਜੂਲੀਆਕਾ ਦੇ ਰਸਤੇ ‘ਤੇ ਉਡਾਣ ਭਰ ਰਹੀ ਸੀ। ਸੋਸ਼ਲ ਮੀਡੀਆ ‘ਤੇ ਵੀਡੀਓਜ਼ ‘ਚ ਰਨਵੇ ‘ਤੇ ਇਕ ਵੱਡੇ ਜਹਾਜ਼ ਤੋਂ ਧੂੰਆਂ ਨਿਕਲਦਾ ਦਿਖਾਈ ਦੇ ਰਿਹਾ ਹੈ।