ਬਰੂਨੋ ਫਰਨਾਂਡੇਜ਼ ਦੇ ਦੋ ਗੋਲਾਂ ਦੀ ਬਦੌਲਤ ਪੁਰਤਗਾਲ ਉਰੂਗਵੇ ਨੂੰ 2-0 ਨਾਲ ਹਰਾ ਕੇ ਨਾਕਆਊਟ ਗੇੜ ‘ਚ ਪਹੁੰਚ ਗਿਆ ਹੈ। ਪੁਰਤਗਾਲ ਦੇ ਸਟਾਰ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ ਨੇ ਪਹਿਲੇ ਗੋਲ ਤੋਂ ਬਾਅਦ ਜਿਸ ਤਰ੍ਹਾਂ ਜਸ਼ਨ ਮਨਾਇਆ, ਉਸ ਤੋਂ ਲੱਗ ਰਿਹਾ ਸੀ ਕਿ ਉਸ ਨੇ ਗੋਲ ਕੀਤਾ ਪਰ ਅਸਲ ‘ਚ ਆਖਰੀ ਛੋਹ ਫਰਨਾਂਡੇਜ਼ ਦੀ ਸੀ। ਖੱਬੇ ਪਾਸਿਓਂ ਫਰਨਾਂਡੇਜ਼ ਦਾ ਸ਼ਾਟ ਰੋਨਾਲਡੋ ਦੇ ਸਿਰ ਉਪਰੋਂ ਨਿਕਲ ਕੇ ਨੈੱਟ ‘ਚ ਗਿਆ। ਇਸ ਮਗਰੋਂ ਰੋਨਾਲਡੋ ਜਸ਼ਨ ਮੁਨਾਉਂਦਾ ਹੋਇਆ ਫਰਨਾਂਡੇਜ਼ ਦੇ ਗਲੇ ਜਾ ਲੱਗਿਆ। ਇਸ ਦੌਰਾਨ ਮੈਦਾਨ ‘ਤੇ ਲੱਗੀਆਂ ਵੱਡੀ ਸਕਰੀਨਾਂ ‘ਤੇ ਵਾਰ ਵਾਰ ਰੀਪਲੇਅ ਦਿਖਾਏ ਗਏ। ਫਰਨਾਂਡੇਜ਼ ਨੇ ਵਾਧੂ ਸਮੇਂ ‘ਚ ਪੈਨਲਟੀ ਸਪਾਟ ‘ਤੇ ਇਕ ਹੋਰ ਗੋਲ ਕੀਤਾ। ਆਖਰੀ ਮਿੰਟ ‘ਚ ਉਹ ਗੋਲ ਕਰਨ ਦੇ ਕਰੀਬ ਪਹੁੰਚਿਆ ਪਰ ਗੇਂਦ ਪੋਸਟ ਨਾਲ ਟਕਰਾ ਕੇ ਬਾਹਰ ਨਿਕਲ ਗਈ ਅਤੇ ਉਹ ਹੈਟ੍ਰਿਕ ਤੋਂ ਖੁੰਝ ਗਿਆ। ਪਹਿਲੇ ਮੈਚ ‘ਚ ਘਾਨਾ ਨੂੰ 3-2 ਨਾਲ ਹਰਾਉਣ ਵਾਲੀ ਪੁਰਤਗਾਲ ਦੀ ਟੀਮ ਫਰਾਂਸ ਅਤੇ ਬ੍ਰਾਜ਼ੀਲ ਤੋਂ ਬਾਅਦ ਆਖਰੀ 16 ‘ਚ ਪਹੁੰਚਣ ਵਾਲੀ ਤੀਜੀ ਟੀਮ ਹੈ। ਉਰੂਗੁਏ ਦਾ ਦੋ ਮੈਚਾਂ ‘ਚ ਇਕ ਅੰਕ ਹੈ ਤੇ ਉਸ ਨੂੰ ਅੱਗੇ ਵਧਣ ਲਈ ਸ਼ੁੱਕਰਵਾਰ ਨੂੰ ਘਾਨਾ ਨੂੰ ਹਰਾਉਣਾ ਪਵੇਗਾ। ਇਸ ਮੈਚ ‘ਚ ਪੁਰਤਗਾਲ ਦਾ 39 ਸਾਲਾ ਡਿਫੈਂਡਰ ਪੇਪੇ ਵਰਲਡ ਕੱਪ ‘ਚ ਖੇਡਣ ਵਾਲਾ ਦੂਜਾ ਸਭ ਤੋਂ ਵੱਡੀ ਉਮਰ ਦਾ ਖਿਡਾਰੀ ਬਣ ਗਿਆ ਹੈ।