ਇੰਡੀਆ ਦੇ ਕਈ ਸੂਬਿਆਂ ’ਚ ਰੋਡਵੇਜ਼ ਬੱਸਾਂ ਦੀ ਹਾਲਤ ਖਸਤਾ ਹੈ। ਉੱਤਰ ਪ੍ਰਦੇਸ਼ ਵੀ ਇਨ੍ਹਾਂ ਸੂਬਿਆਂ ਤੋਂ ਵੱਖ ਨਹੀਂ ਜਿੱਥੋਂ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਅਤੇ ਲੋਕ ਤੰਜ ਕਸ ਰਹੇ ਹਨ। ਅਸਲ ’ਚ ਸੋਸ਼ਲ ਮੀਡੀਆ ’ਤੇ ਉੱਤਰ ਪ੍ਰਦੇਸ਼ ਦੇ ਬਾਗਪਤ ਦਾ ਇਹ ਵੀਡੀਓ ਵਾਇਰਲ ਹੋ ਰਹੀ ਹੈ ਜਿਸ ’ਚ ਡਰਾਈਵਰ ਹੈਲਮੇਟ ਪਹਿਨ ਕੇ ਰੋਡਵੇਜ਼ ਦੀ ਬੱਸ ਚਲਾਉਂਦੇ ਹੋਏ ਨਜ਼ਰ ਆ ਰਿਹਾ ਹੈ। ਦਰਅਸਲ ਰੋਡਵੇਜ਼ ਦੀ ਬੱਸ ਦਾ ਅੱਗੇ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ। ਖ਼ਰਾਬ ਮੌਸਮ ਹੋਣ ਕਾਰਨ ਹਵਾ ਅਤੇ ਮੀਂਹ ਤੋਂ ਪਰੇਸ਼ਾਨ ਹੋ ਕੇ ਡਰਾਈਵਰ ਨੇ ਹੈਲਮੇਟ ਪਹਿਨ ਕੇ ਬੱਸ ਚਲਾਈ। ਇਸ ’ਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਟਵੀਟ ਕਰ ਕੇ ਸਵਾਲ ਖਡ਼੍ਹੇ ਕੀਤੇ ਹਨ। ਅਖਿਲੇਸ਼ ਨੇ ਟਵੀਟ ਕਰ ਕੇ ਲਿਖਿਆ, ‘ਬਿਨਾਂ ਸ਼ੀਸ਼ੇ ਦੀ ਜਾਨਲੇਵਾ ਬੱਸ ਨੂੰ ਚਲਾਉਣ ਦੀ ਇਜਾਜ਼ਤ ਕਿਸ ਨੇ ਦਿੱਤੀ। ਉੱਤਰ ਪ੍ਰਦੇਸ਼ ਟਰਾਂਸਪੋਰਟ ਦੀ ਇਸ ਦੁਰਦਸ਼ਾ ਲਈ ਕੀ ਬੋਲੀਏ। ਕੀ ਧੰਨਵਾਦ ਦਾ ਕੋਈ ਵਿਪਰੀਤ ਸ਼ਬਦ ਹੁੰਦਾ ਹੈ?’ ਇਸ ਦੇ ਨਾਲ ਹੀ ਅਖਿਲੇਸ਼ ਨੇ ਇਕ ਹੋਰ ਟਵੀਟ ’ਚ ਬੱਸ ਅਤੇ ਡਰਾਈਵਰ ਦੀ ਤਸਵੀਰ ਵੀ ਸਾਂਝੀ ਕੀਤੀ ਹੈ। ਲੋਨੀ ਡਿਪੋ ਦੀ ਦੱਸੀ ਜਾ ਰਹੀ ਇਸ ਬੱਸ ’ਤੇ ਉੱਤਰ ਪ੍ਰਦੇਸ਼ ਟਰਾਂਸਪੋਰਟ ਲਿਖਿਆ ਹੋਇਆ ਹੈ। ਮੌਸਮ ਖ਼ਰਾਬ ਹੋਣ ਕਰ ਕੇ ਤੇਜ਼ ਮੀਂਹ ਅਤੇ ਹਵਾ ਦੀ ਵਜ੍ਹਾ ਨਾਲ ਗੱਡੀ ਚਲਾਉਣਾ ਮੁਸ਼ਕਲ ਹੋ ਰਿਹਾ ਸੀ। ਅਜਿਹੇ ’ਚ ਡਰਾਈਵਰ ਨੇ ਹੈਲਮੇਟ ਪਹਿਨ ਕੇ ਬੱਸ ਸਡ਼ਕ ’ਤੇ ਦੌਡ਼ਾ ਦਿੱਤੀ। ਇਹ ਵੀਡੀਓ ਬਣਾਉਣ ਵਾਲੇ ਸ਼ਖਸ ਨੇ ਬੱਸ ਦਾ ਕਰੀਬ ਡੇਢ ਕਿਲੋਮੀਟਰ ਤੱਕ ਪਿੱਛਾ ਕੀਤਾ ਤੇ ਜਦੋਂ ਉਸ ਨੇ ਵੀਡੀਓ ਸੋਸ਼ਲ ਮੀਡੀਆ ’ਤੇ ਪਾਈ ਤਾਂ ਇਹ ਵਾਇਰਲ ਹੋ ਗਈ।