ਆਪਣੀ ਵੱਖਰੀ ਕਿਸਮ ਦੀ ਗਾਇਕੀ ਤੇ ਵੱਖਰੇ ਤਰ੍ਹਾਂ ਦੇ ਪਹਿਰਾਵੇ ਕਰਕੇ ਮਸ਼ਹੂਰ ਪਾਕਿਸਤਾਨੀ ਸੂਫੀ ਗਾਇਕ ਸਾਈਂ ਜ਼ਹੂਰ ਅਹਿਮਦ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਜਾਣਕਾਰੀ ਮੁਤਾਬਕ ਉਹ ਲੰਡਨ ‘ਚ ਇਕ ਸੰਗੀਤ ਸਮਾਰੋਹ ‘ਚ ਲਾਈਵ ਪਰਫਾਰਮ ਕਰਦੇ ਸਮੇਂ ਡਿੱਗ ਗਏ। ਸਮਾਗਮ ਦੇ ਪ੍ਰਬੰਧਕਾਂ ਨੇ ਫੌਰੀ ਤੌਰ ‘ਤੇ ਉਨ੍ਹਾਂ ਨੂੰ ਨੇੜਲੇ ਹਸਪਤਾਲ ਪਹੁੰਚਾਇਆ। ਜ਼ਿਕਰਯੋਗ ਹੈ ਕਿ ਸਾਈਂ ਜ਼ਹੂਰ ਪਾਕਿਸਤਾਨ ਦੀ ਉਹ ਮਹਾਨ ਆਵਾਜ਼ ਸੀ ਜਿਸ ਨੇ ਲੰਮਾ ਸਮਾਂ ਲੋਕਾਂ ਦੇ ਦਿਲਾਂ ਤੇ ਰਾਜ਼ ਕੀਤਾ ਪਰ ਕਦੇ ਵੀ ਆਪਣਾ ਕੋਈ ਗਾਣਾ ਰਿਕਾਰਡ ਨਹੀਂ ਕਰਵਾਇਆ। ਉਨ੍ਹਾਂ ਨੇ ਪ੍ਰਸਿੱਧੀ ਉਦੋਂ ਪ੍ਰਾਪਤ ਕੀਤੀ ਜਦੋਂ ਉਸਨੂੰ ਬੀ.ਬੀ.ਸੀ. ਦੁਆਰਾ 2006 ‘ਚ ਉਨ੍ਹਾਂ ਦੀ ਇਸ ਪ੍ਰਤਿਭਾ ਨੂੰ ਪਛਾਣਦੇ ਹੋਏ ਵਾਇਸ ਆਫ ਦਿ ਈਅਰ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਦੀਆਂ ਕਈਆ ਮਸ਼ਹੂਰ ਐਲਬਮਾਂ ਮਾਰਕੀਟ ‘ਚ ਆਈਆਂ। ਸਾਈਂ ਜ਼ਹੂਰ ਸੂਫੀ ਗਾਇਕੀ ਲਈ ਪਛਾਣੇ ਜਾਂਦੇ ਸਨ ਉਨ੍ਹਾਂ ਨੇ ਬੁੱਲੇ ਸ਼ਾਹ ਨੂੰ ਕਾਫੀ ਗਾਇਆ ਤੇ ਅੱਲ੍ਹਾਂ ਦੀ ਇਬਾਦਤ ਸੂਫੀ ਗੀਤ ਗਾ ਕੇ ਮਕਬੂਲੀਅਤ ਹਾਸਲ ਕੀਤੀ। ਉਹ ਇਕ ਤਾਰਾ ਤੇ ਤੂੰਬੀ ਵਜਾਉਣ ਦੀ ਮੁਹਾਰਤ ਰੱਖਦੇ ਸਨ। ਇਕ ਪਿੰਡ ਦੇ ਮਾਮੂਲੀ ਘਰ ‘ਚ ਪੈਦਾ ਹੋਏ ਸਾਈਂ ਜ਼ਹੂਰ ਨੇ ਸੱਤ ਸਾਲ ਦੀ ਉਮਰ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ ਸੀ। ਉਹ ਸੂਫ਼ੀਆਂ ਦੇ ਦਰਗਾਹਾਂ ‘ਤੇ ਗਾਉਂਦੇ ਸੀ ਜਿੱਥੇ ਉਹ ਸੰਗੀਤ ਦੀ ਪਟਿਆਲਾ ਘਰਾਣੇ ਦੇ ਰੌਂਕਾ ਅਲੀ ਨੂੰ ਮਿਲਿਆ ਅਤੇ ਉਸ ਤੋਂ ਸਿਖਲਾਈ ਪ੍ਰਾਪਤ ਕੀਤੀ।