ਪ੍ਰਭੂ ਯਿਸ਼ੂ ਮਸੀਹ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਰੋਸ ਵਜੋਂ ਈਸਾਈ ਭਾਈਚਾਰੇ ਨੇ ਅੱਜ ਜਲੰਧਰ ਦੇ ਪੀ.ਏ.ਪੀ. ਚੌਕ ‘ਚ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਧਰਨਾ ਦਿੱਤਾ। ਧਰਨਾਕਾਰੀਆਂ ਨੇ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਅੰਮ੍ਰਿਤਪਾਲ ਵੱਲੋਂ ਪ੍ਰਭੂ ਯਿਸ਼ੂ ‘ਤੇ ਵਿਵਾਦਤ ਟਿੱਪਣੀ ਕਰਨ ਤੋਂ ਬਾਅਦ ਈਸਾਈ ਭਾਈਚਾਰੇ ਵੱਲੋਂ ਜਲੰਧਰ ‘ਚ ਨੈਸ਼ਨਲ ਹਾਈਵੇਅ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਦੇਰ ਰਾਤ ਪੁਲੀਸ ਪ੍ਰਸ਼ਾਸਨ ਦੇ ਆਲਾ ਅਧਿਕਾਰੀ ਵੱਲੋਂ ਭਾਈਚਾਰੇ ਨੂੰ ਇਸ ਗੱਲ ਲਈ ਰਾਜ਼ੀ ਕਰ ਲਿਆ ਕਿ ਉਹ ਪ੍ਰਦਰਸ਼ਨ ਕਰਨ ਪਰ ਇਕ ਪਾਸੇ ‘ਤੇ ਸਟੇਜ ਲਗਾ ਕੇ। ਈਸਾਈ ਭਾਈਚਾਰੇ ਵੱਲੋਂ ਪੀ.ਏ.ਪੀ. ਗਰਾਊਂਡ ਦੇ ਸਾਹਮਣੇ ਇਕ ਸਾਈਡ ‘ਤੇ ਸਟੇਜ ਲਗਾਈ ਹੈ ਅਤੇ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਨੂੰ ਲੈ ਕੇ ਜਤਿੰਦਰ ਮਸੀਹ ਗੌਰਵ ਨੇ ਕਿਹਾ ਕਿ ਪ੍ਰਦਰਸ਼ਨ ਸਿੱਖ ਭਾਈਚਾਰੇ ਖ਼ਿਲਾਫ਼ ਨਹੀਂ ਹੈ ਸਿਰਫ਼ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਹੈ, ਜਿਸ ਨੇ ਪ੍ਰਭੂ ਯਿਸ਼ੂ ‘ਤੇ ਵਿਵਾਦਤ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਕੋਲ ਅਧੂਰਾ ਗਿਆਨ ਹੈ ਅਤੇ ਅਧੂਰਾ ਗਿਆਨ ਬੇਹੱਦ ਖ਼ਤਰਨਾਕ ਹੁੰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਅੰਮ੍ਰਿਤਪਾਲ ‘ਤੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਈਸਾਈ ਭਾਈਚਾਰੇ ਵੱਲੋਂ ਮੀਟਿੰਗ ਕਰਨ ਤੋਂ ਬਾਅਦ ਵੱਡਾ ਕਦਮ ਚੁੱਕਿਆ ਜਾਵੇਗਾ। ਪ੍ਰਧਾਨ ਹਮੀਦ ਮਸੀਹ ਨੇ ਕਿਹਾ ਕਿ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੱਲੋਂ ਸਮੁੱਚੇ ਈਸਾਈ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ ਤੇ ਉਸ ਵਿਰੁੱਧ ਕੇਸ ਦਰਜ ਕਰਨਾ ਚਾਹੀਦਾ ਹੈ।