ਅਮਰੀਕਾ ਦੇ ਉੱਤਰੀ ਇਲੀਨੋਇਸ ’ਚ ਸਡ਼ਕ ਹਾਦਸੇ ’ਚ 5 ਬੱਚਿਆਂ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਾਦਸਾ ਐਤਵਾਰ ਦੇਰ ਰਾਤ ਦੋ ਵਜੇ ਵਾਪਰਿਆ। ਇਲੀਨੋਇਸ ਸਟੇਟ ਪੁਲੀਸ ਮੁਤਾਬਕ ਇਕ ਵੈਨ ’ਚ ਸਵਾਰ ਰੋਲਿੰਗ ਮੀਡੋਜ਼ ਦੇ ਲਾਰੇਨ ਡੋਬੋਜ਼ (31) ਅਤੇ 5 ਬੱਚਿਆਂ ਦੀ ਹਾਦਸੇ ’ਚ ਜਾਨ ਚਲੀ ਗਈ। ਬੱਚਿਆਂ ਦੀ ਉਮਰ 5 ਤੋਂ 13 ਸਾਲ ਦੇ ਵਿਚਕਾਰ ਸੀ। ਉਥੇ ਹੀ ਇਕ ਹੋਰ ਵਾਹਨ ’ਚ ਸਵਾਰ ਜੈਨੀਫਰ ਫਰਨਾਂਡੀਜ਼ (22) ਦੀ ਵੀ ਹਾਦਸੇ ਵਿਚ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਵੈਨ ਦਾ ਡਰਾਈਵਰ ਥਾਮਸ ਵੀ ਗੰਭੀਰ ਰੂਪ ਨਾਲ ਜ਼ਖ਼ਮੀ ਹੋਇਆ ਹੈ। ਹਾਲੇ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਕਿ ਕਿਸ ਦੀ ਗਲਤੀ ਨਾਲ ਇਹ ਹਾਦਸਾ ਵਾਪਰਿਆ।