ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਲਾਹੌਰ ਵਿੱਚ ‘ਹਕੀਕੀ ਮਾਰਚ’ ਕੱਢਿਆ। ਲਿਬਰਟੀ ਚੌਕ ਤੋਂ ਇਸਲਾਮਾਬਾਦ ਤੱਕ ਲੰਬੇ ਇਸ ਮਾਰਚ ‘ਚ ਹਜ਼ਾਰਾਂ ਦੀ ਗਿਣਤੀ ‘ਚ ਲੋਕ ਸ਼ਾਮਲ ਹੋਏ। ਇਸ ਸਮੇਂ ਇਮਰਾਨ ਖਾਨ ਨੇ ਇੰਡੀਆ ਦੀ ਵਿਦੇਸ਼ ਨੀਤੀ ਅਤੇ ਰੂਸ-ਯੂਕਰੇਨ ਜੰਗ ਦੌਰਾਨ ਪੱਛਮੀਂ ਮੁਲਕਾਂ ਦੇ ਦਬਾਅ ਦੇ ਬਾਵਜੂਦ ਆਪਣੇ ਕੌਮੀ ਹਿੱਤਾਂ ਲਈ ਉਸ ਵੱਲੋਂ ਰੂਸ ਤੋਂ ਤੇਲ ਖ਼ਰੀਦਣ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਚੇਅਰਮੈਨ ਇਮਰਾਨ ਖਾਨ ਨੇ ਕਿਹਾ ਕਿ ਇੰਡੀਆ ਦਾ ਰੂਸ ਤੋਂ ਤੇਲ ਖ਼ਰੀਦਣਾ ਆਪਣਾ ਫ਼ੈਸਲਾ ਹੈ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਪਾਕਿਸਤਾਨੀ ਗ਼ੁਲਾਮ ਹਨ ਜੋ ਆਪਣੇ ਮੁਲਕ ਦੇ ਬਾਸ਼ਿੰਦਿਆਂ ਲਈ ਉਨ੍ਹਾਂ ਦੀ ਭਲਾਈ ਦੇ ਫ਼ੈਸਲੇ ਲੈਣ ਤੋਂ ਅਸਫ਼ਲ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਹੱਕ ਵਾਲਾ ਇਹ ਫ਼ੈਸਲਾ ਲੈਣਾ ਚਾਹੀਦਾ ਹੈ। ਜੇ ਰੂਸ ਸਾਨੂੰ ਸਸਤਾ ਤੇਲ ਮੁਹੱਈਆ ਕਰਵਾ ਰਿਹਾ ਹੈ ਤਾਂ ਸਾਨੂੰ ਲੋਕਾਂ ਅਤੇ ਆਪਣੇ ਮੁਲਕ ਦੇ ਹਿੱਤਾਂ ਦੇ ਹਿਸਾਬ ਨਾਲ ਫ਼ੈਸਲਾ ਲੈਣਾ ਚਾਹੀਦਾ ਹੈ। ਇਸ ਬਾਰੇ ਬਾਹਰ ਵਾਲਿਆਂ ਨੂੰ ਸਵਾਲ ਚੁੱਕਣ ਦਾ ਕੋਈ ਹੱਕ ਨਹੀਂ ਹੈ। ਇੰਡੀਆ ਰੂਸ ਤੋਂ ਸਸਤਾ ਤੇਲ ਲੈ ਰਿਹਾ ਹੈ ਜਦੋਂਕਿ ਗੁਲਾਮ ਪਾਕਿਸਤਾਨੀ ਇਸ ਬਾਰੇ ਕੋਈ ਫ਼ੈਸਲਾ ਨਹੀਂ ਲੈ ਰਹੇ। ਉਨ੍ਹਾਂ ਕਿਹਾ ਕਿ ਉਹ ਆਪਣੇ ਮੁਲਕ ਨੂੰ ਆਜ਼ਾਦ ਦੇਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਨਸਾਫ਼ ਅਤੇ ਸੁਰੱਖਿਆ ਪਹਿਲ ਦੇ ਆਧਾਰ ‘ਤੇ ਮਿਲਣੇ ਚਾਹੀਦੇ ਹਨ। ਖਾਨ ਨੇ ਕਿਹਾ ਕਿ ਉਨ੍ਹਾਂ ਦੇ 26 ਸਾਲ ਦੇ ਸਿਆਸੀ ਸਫ਼ਰ ‘ਚ ਇਹ ਸਭ ਤੋਂ ਔਖਾ ਸਮਾਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਕੋ ਮਕਸਦ ਹੈ। ਉਨ੍ਹਾਂ ਕਿਹਾ ਕਿ ਅਸੀਂ ਬਰਤਾਨੀਆ ਤੋਂ ਆਜ਼ਾਦੀ ਲਈ ਸੀ ਤੇ ਹੁਣ ਸਮਾਂ ਹੈ ਕਿ ਅਸੀਂ ‘ਹਕੀਕੀ ਆਜ਼ਾਦੀ’ ਦੀ ਸ਼ੁਰੂਆਤ ਕਰੀਏ, ਇਹ ਹੀ ਸਾਰੇ ਪਾਕਿਸਤਾਨੀਆਂ ਨੂੰ ਸੁਨੇਹਾ ਹੈ। ਉਨ੍ਹਾਂ ਕਿਹਾ ਕਿ ਇਹ ਮਾਰਚ ਸਿਆਸਤ, ਵੋਟਾਂ ਜਾਂ ਧਰਮ ਲਈ ਨਹੀਂ ਹੈ। ਇਸ ਦਾ ਇਕੋ-ਇਕ ਮਕਸਦ ਪਾਕਿਸਤਾਨ ਦੀ ਆਜ਼ਾਦੀ ਹੈ। ਇਮਰਾਨ ਖਾਨ ਨੇ ਮੰਨਿਆ ਹੈ ਕਿ ਉਨ੍ਹਾਂ ਨੇ ਮਾਰਚ ‘ਚ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੇ ਕਾਰਜਕਾਲ ‘ਚ ਵਾਧਾ ਕਰਨ ਦੀ ਪੇਸ਼ਕਸ਼ ਕੀਤੀ ਸੀ ਕਿਉਂਕਿ ਵਿਰੋਧੀ ਧਿਰ ਵੱਲੋਂ ਉਨ੍ਹਾਂ ਦੀ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਮਰਾਨ ਖਾਨ ਦੀ ਇਹ ਟਿੱਪਣੀ ਪਾਕਿਸਤਾਨ ਦੇ ਆਈ.ਐਸ.ਆਈ. ਦੇ ਮੁਖੀ ਲੈਫਟੀਨੈਂਟ ਜਨਰਲ ਨਦੀਮ ਅੰਜੁਮ ਵੱਲੋਂ ਪ੍ਰੈੱਸ ਕਾਨਫਰੰਸ ‘ਚ ਇਸ ਸਬੰਧੀ ਖ਼ੁਲਾਸਾ ਕਰਨ ਤੋਂ ਬਾਅਦ ਆਈ ਹੈ ਕਿ ਫੌਜ ਮੁਖੀ ਨੂੰ ਇਸ ਸਾਲ ਮਾਰਚ ‘ਚ ਆਪਣੇ ਕਾਰਜਕਾਲ ‘ਚ ਅਣਮਿੱਥੇ ਸਮੇਂ ਲਈ ਵਾਧੇ ਲਈ ਲਾਭ ਵਾਲੀ ਪੇਸ਼ਕਸ਼ ਦਿੱਤੀ ਗਈ ਸੀ। ਆਈ.ਐਸ.ਆਈ. ਮੁਖੀ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਨਾਂ ਲਏ ਬਿਨਾਂ ਕਿਹਾ ਕਿਹਾ ਸੀ ਕਿ ਇਹ ਸਭ ਉਨ੍ਹਾਂ ਦੇ ਸਾਹਮਣੇ ਕੀਤਾ ਗਿਆ ਸੀ। ਜਨਰਲ ਬਾਜਵਾ ਨੇ ਇਸ ਨੂੰ ਰੱਦ ਕਰ ਦਿੱਤਾ ਕਿਉਂਕਿ ਉਹ ਚਾਹੁੰਦੇ ਸਨ ਕਿ ਸੰਸਥਾ ਇਕ ਵਿਵਾਦਪੂਰਨ ਭੂਮਿਕਾ ਤੋਂ ਸੰਵਿਧਾਨਕ ਭੂਮਿਕਾ ਵੱਲ ਵਧੇ।