ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਪ੍ਰਧਾਨ ਇਮਰਾਨ ਖਾਨ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਨੇ ਸਾਰੀਆਂ ਵਿਧਾਨ ਸਭਾਵਾਂ ਤੋਂ ਅਸਤੀਫਾ ਦੇਣ ਦਾ ਫ਼ੈਸਲਾ ਕੀਤਾ ਹੈ। ਪੀ.ਟੀ.ਆਈ. ਮੈਂਬਰ ਸਾਰੀਆਂ ਅਸੈਂਬਲੀਆਂ ਤੋਂ ਅਸਤੀਫਾ ਦੇਣਗੇ। ਅਸੀਂ ਸਾਰੀਆਂ ਅਸੈਂਬਲੀਆਂ ਤੋਂ ਨਿਕਲਾਂਗੇ। ਸਰਕਾਰ ‘ਤੇ ਦੋਸ਼ ਲਾਉਂਦੇ ਹੋਏ ਉਨ੍ਹਾਂ ਕਿਹਾ ਕਿ ਬਿਹਤਰ ਹੈ ਕਿ ਅਸੀਂ ਇਸ ਭ੍ਰਿਸ਼ਟ ਸਰਕਾਰ ਵਿੱਚੋਂ ਬਾਹਰ ਨਿਕਲੀਏ। ਵਜ਼ੀਰਾਬਾਦ ਰੈਲੀ ‘ਚ ਗੋਲੀ ਲੱਗਣ ਤੋਂ ਬਾਅਦ ਰਾਵਲਪਿੰਡੀ ‘ਚ ਆਪਣੀ ਪਾਰਟੀ ਦੀ ਇਕ ਵੱਡੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਇਮਰਾਨ ਨੇ ਕਿਹਾ ਕਿ ਉਨ੍ਹਾਂ ਦਾ ਮੌਤ ਨਾਲ ਕਰੀਬੀ ਸਾਹਮਣਾ ਹੋਇਆ ਸੀ ਅਤੇ ਉਨ੍ਹਾਂ ਆਪਣੇ ਉਪਰ ਹਮਲੇ ਦੌਰਾਨ ਗੋਲੀਆਂ ਨੂੰ ਸਿਰ ਦੇ ਉਪਰੋਂ ਲੰਘਦੇ ਹੋਏ ਦੇਖਿਆ ਸੀ। ਰਾਵਲਪਿੰਡੀ ‘ਚ ਹੀ ਫੌਜ ਦਾ ਵੀ ਹੈੱਡਕੁਆਰਟਰ ਹੈ। ਇਮਰਾਨ ਨੇ ਦੋਸ਼ ਲਾਇਆ ਕਿ ਇਸ ਮਹੀਨੇ ਦੀ ਸ਼ੁਰੂਆਤ ‘ਚ ਉਨ੍ਹਾਂ ਦੇ ਕਤਲ ਦੇ ਨਾਕਾਮ ਯਤਨ ‘ਚ ਸ਼ਾਮਲ ਤਿੰਨ ਅਪਰਾਧੀ ਉਨ੍ਹਾਂ ਨੂੰ ਮੁੜ ਨਿਸ਼ਾਨਾ ਬਣਾਉਣ ਦੀ ਤਾਕ ‘ਚ ਹਨ। ਇਮਰਾਨ ਦਾ ਦੋਸ਼ ਹੈ ਕਿ ਉਨ੍ਹਾਂ ‘ਤੇ ਹਮਲੇ ਦੇ ਪਿੱਛੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ, ਗ੍ਰਹਿ ਮੰਤਰੀ ਰਾਣਾ ਸਨਾਉੱਲ੍ਹਾ ਅਤੇ ਖ਼ੁਫ਼ੀਆ ਏਜੰਸੀ ਆਈ.ਐੱਸ.ਆਈ. ਦੇ ਕਾਊਂਟਰ ਇੰਟੈਲੀਜੈਂਸ ਵਿੰਗ ਦੇ ਪ੍ਰਮੁੱਖ ਮੇਜਰ-ਜਨਰਲ ਫੈਸਲ ਨਸੀਰ ਸਨ। ਹੈਲੀਕਾਪਟਰ ਰਾਹੀਂ ਰਾਵਲਪਿੰਡੀ ਪੁੱਜੇ ਇਮਰਾਨ ਨੇ ਆਪਣੇ ਹਮਾਇਤੀਆਂ ਨੂੰ ਸੱਦਾ ਦਿੱਤਾ ਕਿ ਜੇਕਰ ਉਹ ਆਜ਼ਾਦੀ ਨਾਲ ਜਿਊਣਾ ਚਾਹੁੰਦੇ ਹਨ ਤਾਂ ਮੌਤ ਦਾ ਡਰ ਛੱਡ ਦਿਓ। ਉਨ੍ਹਾਂ ਕਿਹਾ ਕਿ ਰਾਸ਼ਟਰ ਇਕ ਫੈਸਲਾਕੁੰਨ ਬਿੰਦੂ ਅਤੇ ਚੌਰਾਹੇ ‘ਤੇ ਖੜ੍ਹਾ ਹੈ ਜਿਸ ਦੇ ਸਾਹਮਣੇ ਦੋ ਰਸਤੇ ਹਨ-ਇਕ ਰਸਤਾ ਦੁਆਵਾਂ ਅਤੇ ਮਹਾਨਤਾ ਦਾ ਹੈ, ਜਦਕਿ ਦੂਜਾ ਅਪਮਾਨ ਅਤੇ ਵਿਨਾਸ਼ ਦਾ।