ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਗ੍ਰਿਫ਼ਤਾਰ ਕਰਨ ਲਈ ਕਈ ਮਹੀਨਿਆਂ ਤੋਂ ਕੋਸ਼ਿਸ਼ ‘ਚ ਲੱਗੀ ਪਾਕਿਸਤਾਨ ਸਰਕਾਰ ਅਤੇ ਫ਼ੌਜ ਨੇ ਮੰਗਲਵਾਰ ਨੂੰ ਆਪਣਾ ਮਕਸਦ ਪੂਰਾ ਕਰਦਿਆਂ ਉਨ੍ਹਾਂ ਨੂੰ ਉਸ ਸਮੇਂ ‘ਧੋਖੇ ਨਾਲ’ ਗ੍ਰਿਫ਼ਤਾਰ ਕਰ ਲਿਆ ਜਦੋਂ ਉਹ ਆਪਣੇ ਖ਼ਿਲਾਫ਼ ਦਰਜ ਕਈ ਕੇਸਾਂ ‘ਚ ਇਸਲਾਮਾਬਾਦ ਹਾਈ ਕੋਰਟ ਤੋਂ ਜ਼ਮਾਨਤ ਲੈਣ ਆਏ ਸਨ। ਇਸ ਗ੍ਰਿਫ਼ਤਾਰੀ ਤੋਂ ਬਾਅਦ ਪਾਕਿਸਤਾਨ ‘ਚ ਵਿਆਪਕ ਪੱਧਰ ‘ਤੇ ਹਿੰਸਾ ਭੜਕ ਗਈ ਅਤੇ ਇਮਰਾਨ ਖਾਨ ਦੇ ਸਮੱਰਥਕਾਂ ਨੇ ਰੋਸ ਵਜੋਂ ਕਈ ਥਾਈਂ ਅੱਗਾਂ ਲਾਉਣ, ਪੱਥਰਬਾਜ਼ੀ ਕਰਨ ਤੋਂ ਇਲਾਵਾ ਹੋਰ ਹਿੰਸਕ ਕਾਰਵਾਈਆਂ ਨੂੰ ਅੰਜਾਮ ਦਿੱਤਾ। ਇਮਰਾਨ ਖਾਨ ਦੀ ਗ੍ਰਿਫ਼ਤਾਰੀ ਹੁੰਦਿਆਂ ਹੀ ਪਾਕਿਸਤਾਨ ਸੁਲਗ ਉੱਠਿਆ। ਹਾਲਾਤ ਵਿਗੜਨ ‘ਤੇ ਫ਼ੌਜ ਨੂੰ ਸੜਕਾਂ ‘ਤੇ ਉਤਾਰਿਆ ਗਿਆ। ਵੱਖ-ਵੱਖ ਥਾਵਾਂ ‘ਤੇ ਫ਼ੌਜ ਦੀ ਫਾਇਰਿੰਗ ‘ਚ 60 ਲੋਕਾਂ ਨੂੰ ਗੋਲੀਆਂ ਲੱਗੀਆਂ ਜਿਨ੍ਹਾਂ ‘ਚੋਂ 15 ਦੀ ਮੌਤ ਹੋ ਗਈ। ਮਰਨ ਵਾਲਿਆਂ ‘ਚ ਇਕ ਬੱਚਾ ਵੀ ਹੈ। ਇਮਰਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਸਲਾਮਾਬਾਦ ‘ਚ ਧਾਰਾ 144 ਲਾਗੂ ਕਰ ਦਿੱਤੀ ਗਈ। ਇਮਰਾਨ ਦੀ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਵਰਕਰਾਂ ਨੇ ਪੂਰੇ ਦੇਸ਼ ‘ਚ ਸੜਕਾਂ ‘ਤੇ ਉੱਤਰ ਕੇ ਗ੍ਰਿਫ਼ਤਾਰੀ ਦੇ ਵਿਰੋਧ ‘ਚ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ, ਖਾਸ ਤੌਰ ‘ਤੇ ਇਸਲਾਮਾਬਾਦ, ਲਾਹੌਰ, ਕਵੇਟਾ ਤੇ ਕਰਾਚੀ ‘ਚ ਹਿੰਸਾ ਨੇ ਬੇਹੱਦ ਭਿਆਨਕ ਰੂਪ ਲੈ ਲਿਆ। ਪਾਰਟੀ ਵਰਕਰਾਂ ਨੇ ਫ਼ੌਜ ਦੇ ਹੈੱਡਕੁਆਰਟਰ ਤੇ ਇਕ ਕੋਰ ਕਮਾਂਡਰ ਦੇ ਘਰ ਨੂੰ ਅੱਗ ਲਾ ਦਿੱਤੀ, ਇਕ ਲੜਾਕੂ ਮਿਗ ਜਹਾਜ਼ ਨੂੰ ਵੀ ਫੂਕ ਦਿੱਤਾ, ਪਾਕਿ ਦੀ ਬਦਨਾਮ ਖੁਫੀਆ ਏਜੰਸੀ ਦੇ ਦਫ਼ਤਰ ‘ਚ ਭੰਨਤੋੜ ਕੀਤੀ, ਪੁਲੀਸ ਮੁਲਾਜ਼ਮਾਂ ਦੀ ਕੁੱਟਮਾਰ ਕੀਤੀ, ਟੈਂਕਰਾਂ ਸਮੇਤ ਵਾਹਨਾਂ, ਰੇਡੀਓ ਦਫ਼ਤਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਅਤੇ ਲਾਹੌਰ ‘ਚ ਇਕ ਪੁਲੀਸ ਚੌਕੀ ਨੂੰ ਅੱਗ ਲਾ ਦਿੱਤੀ। ਹਿੰਸਾ ‘ਚ 5 ਪੁਲੀਸ ਮੁਲਾਜ਼ਮ ਜ਼ਖ਼ਮੀ ਹੋਏ। ਇਮਰਾਨ ਖਾਨ ਦੇ ਵਕੀਲ ਨੂੰ ਵੀ ਹਿੰਸਾ ‘ਚ ਸੱਟਾਂ ਲੱਗੀਆਂ। ਸਾਦੀ ਵਰਦੀ ‘ਚ ਮੌਜੂਦ ਪੁਲੀਸ ਮੁਲਾਜ਼ਮਾਂ ਨੇ ਪੀ.ਟੀ.ਆਈ. ਵਰਕਰਾਂ ਦੀ ਕੁੱਟਮਾਰ ਕੀਤੀ ਅਤੇ ਸੁਰੱਖਿਆ ਬਲਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਤਿੱਤਰ-ਬਿੱਤਰ ਕਰਨ ਲਈ ਹੰਝੂ ਗੈਸ ਦੇ ਗੋਲੇ ਛੱਡੇ। ਸਰਕਾਰੀ ਦਫ਼ਤਰਾਂ ‘ਚ ਭੰਨਤੋੜ ਰੋਕਣ ਲਈ ਫ਼ੌਜ ਅਤੇ ਅਰਧ-ਸੈਨਿਕ ਬਲਾਂ ਦੇ ਜਵਾਨ ਤਾਇਨਾਤ ਕਰ ਦਿੱਤੇ ਗਏ। ਕਰਾਚੀ ਸਮੇਤ ਕਈ ਵੱਡੇ ਸ਼ਹਿਰਾਂ ‘ਚ ਬਿਜਲੀ ਬੰਦ ਹੋਣ ਨਾਲ ਬਲੈਕਆਊਟ ਹੋ ਗਿਆ ਅਤੇ ਇੰਟਰਨੈੱਟ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ।