ਬੰਗਲਾਦੇਸ਼ ਦੇ ਢਾਕਾ ਦੇ ਗੁਲਿਸਤਾਨ ਇਲਾਕੇ ‘ਚ ਇਕ ਇਮਾਰਤ ‘ਚ ਸ਼ਾਮ ਸਮੇਂ ਹੋਏ ਧਮਾਕੇ ‘ਚ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਅਤੇ 100 ਤੋਂ ਵਧੇਰੇ ਜ਼ਖ਼ਮੀ ਹੋ ਗਏ। ਫਾਇਰ ਬ੍ਰਿਗੇਡ ਸਰਵਿਸ ਨਾਲ ਜੁੜੇ ਅਧਿਕਾਰੀ ਰਸ਼ੀਦ ਬਿਨ ਖਾਲਿਦ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ 11 ਯੂਨਿਟਾਂ ਬਚਾਅ ਕਾਰਜ ਨੂੰ ਅੰਜਾਮ ਦੇਣ ਲਈ ਮੌਕੇ ‘ਤੇ ਕੰਮ ਕਰ ਰਹੀਆਂ ਹਨ। ਧਮਾਕੇ ਨਾਲ ਗੁਲਿਸਤਾਨ ਬੀ.ਆਰ.ਟੀ.ਸੀ. ਬੱਸ ਕਾਊਂਟਰ ਦੇ ਦੱਖਣ ਵਾਲੇ ਪਾਸੇ ਇਕ ਪੰਜ ਮੰਜ਼ਿਲਾ ਇਮਾਰਤ, ਜ਼ਮੀਨੀ ਮੰਜ਼ਿਲ ‘ਤੇ ਇਕ ਸੈਨੇਟਰੀ ਦੀ ਦੁਕਾਨ, ਬੈਂਕ ਦਾ ਦਫ਼ਤਰ ਧਮਾਕੇ ਨਾਲ ਪ੍ਰਭਾਵਿਤ ਹੋਇਆ ਪਰ ਕੋਈ ਵੀ ਇਮਾਰਤ ਡਿਗੀ ਨਹੀਂ। ਅੱਗ-ਬੁਝਾਊ ਅਧਿਕਾਰੀਆਂ ਮੁਤਾਬਕ ਧਮਾਕਾ ਬੀ.ਆਰ.ਟੀ.ਸੀ. ਬੱਸ ਕਾਊਂਟਰ ਨੇੜੇ ਸ਼ਾਮ ਤਕਰੀਬਨ 4:45 ਵਜੇ ਹੋਇਆ। ਡੀ.ਐੱਮ. ਸੀ.ਐੱਚ. ਪੁਲੀਸ ਚੌਕੀ ਦੇ ਇੰਚਾਰਜ ਇੰਸਪੈਕਟਰ ਬੱਚੂ ਮੀਆ ਨੇ ਦੱਸਿਆ ਕਿ ਹੁਣ ਤੱਕ 14 ਲਾਸ਼ਾਂ ਅਤੇ 100 ਤੋਂ ਵੱਧ ਜ਼ਖ਼ਮੀਆਂ ਨੂੰ ਢਾਕਾ ਮੈਡੀਕਲ ਕਾਲਜ ਹਸਪਤਾਲ ਲਿਆਂਦਾ ਗਿਆ ਹੈ। ਧਮਾਕੇ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ। ਇਹ ਧਮਾਕਾ ਸਿੱਦੀਕੀ ਬਾਜ਼ਾਰ ‘ਚ ਸਥਿਤ ਇਕ ਵਪਾਰਕ ਇਮਾਰਤ ‘ਚ ਹੋਇਆ, ਜਿਸ ‘ਚ ਕਈ ਦਫ਼ਤਰ ਅਤੇ ਸਟੋਰ ਸਨ।