ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਨੇ ਕਥਿਤ ਟੈਕਸ ਧੋਖਾਧੜੀ ਨਾਲ ਜੁੜੀ ਜਾਂਚ ਦੀ ਕੜੀ ਵਜੋਂ ਦੂਜੇ ਦਿਨ ਵੀ ਬ੍ਰਿਟਿਸ਼ ਬਰਾਡਕਾਸਟਿੰਗ ਕਾਰਪੋਰੇਸ਼ਨ (ਬੀ.ਬੀ.ਸੀ.) ਦੇ ਦਿੱਲੀ ਤੇ ਮੁੰਬਈ ਸਥਿਤ ਦਫ਼ਤਰਾਂ ‘ਚ ਛਾਪੇ ਮਾਰੇ। ਟੀਮ ਨੇ ਇਹ ਛਾਪੇ ਅਜਿਹੇ ਮੌਕੇ ਮਾਰੇ ਹਨ ਜਦੋਂ ਬ੍ਰਿਟਿਸ਼ ਬਰਾਡਕਾਸਟਰ ਨੇ ਪਿਛਲੇ ਦਿਨੀਂ ‘ਇੰਡੀਆ: ਦਿ ਮੋਦੀ ਕੁਐੱਸਚਨ’ ਨਾਂ ਦੀ ਦੋ ਪਾਰਟ ਵਾਲੀ ਦਸਤਾਵੇਜ਼ੀ ਪ੍ਰਸਾਰਿਤ ਕੀਤੀ ਹੈ, ਜਿਸ ਨੂੰ ਲੈ ਕੇ ਮੋਦੀ ਸਰਕਾਰ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਸੀ। ਛਾਪਿਆਂ ਦੌਰਾਨ ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਨੇ ਦਫ਼ਤਰਾਂ ‘ਚ ਕੰਮ ਕਰਦੇ ਅਧਿਕਾਰੀਆਂ ਤੇ ਹੋਰ ਸਟਾਫ਼ ਦੇ ਮੋਬਾਈਲ ਫੋਨ ਤੇ ਲੈਪਟਾਪ ਕਬਜ਼ੇ ‘ਚ ਲੈ ਲਏ। ਅਧਿਕਾਰੀਆਂ ਨੇ ਦੋਸ਼ ਲਗਾਇਆ ਕਿ ਬੀ.ਬੀ.ਸੀ. ਨੂੰ ਪਹਿਲਾਂ ਵੀ ਨੋਟਿਸ ਦਿੱਤੇ ਗਏ ਸਨ, ਪਰ ਬਰਾਡਕਾਸਟਰ ਇਨ੍ਹਾਂ ਦੀ ਅਵੱਗਿਆ ਕਰਦਾ ਹੋਇਆ ਆਪਣੇ ਮੁਨਾਫ਼ੇ ਨੂੰ ਹੋਰ ਪਾਸੇ ਲਾਉਂਦਾ ਰਿਹਾ। ਆਮਦਨ ਕਰ ਦੀ ਟੀਮ ਨੇ ਕਾਰਵਾਈ ਨੂੰ ‘ਰੇਡ’ ਦੀ ਥਾਂ ‘ਸਰਵੇ ਅਪਰੇਸ਼ਨ’ ਦਾ ਨਾਂ ਦਿੱਤਾ ਹੈ। ਆਮਦਨ ਕਰ ਵਿਭਾਗ ਦੇ ਡਾਇਰੈਕਟਰ ਜਨਰਲ ਦੇ ਹੁਕਮਾਂ ‘ਤੇ ਕੀਤੀ ਕਾਰਵਾਈ ਦੌਰਾਨ ਵੱਖੋ ਵੱਖਰੀਆਂ ਟੀਮਾਂ ਨੇ ਇਕੋ ਵੇਲੇ ਬੀ.ਬੀ.ਸੀ. ਦੇ ਦਿੱਲੀ ਤੇ ਮੁੰਬਈ ਵਿਚਲੇ ਦਫ਼ਤਰਾਂ ‘ਤੇ ਦਸਤਕ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਛਾਪਿਆਂ ਦੌਰਾਨ ਬੀ.ਬੀ.ਸੀ. ਦੇ ਸਟਾਫ਼ ਮੈਂਬਰਾਂ ਨੂੰ ਆਪੋ ਆਪਣੇ ਫੋਨ ਅਦਾਰੇ ‘ਚ ਇਕ ਥਾਂ ਰੱਖਣ ਲਈ ਆਖ ਦਿੱਤਾ ਗਿਆ। ਅਧਿਕਾਰੀਆਂ ਮੁਤਾਬਕ ਆਮਦਨ ਕਰ ਵਿਭਾਗ ਦੀਆਂ ਟੀਮਾਂ ਨੇ ਲੰਡਨ ਅਧਾਰਿਤ ਸਰਕਾਰੀ ਬਰਾਡਕਾਸਟਰ ਤੇ ਇਸ ਦੀਆਂ ਭਾਰਤੀ ਸਾਖ਼ਾਵਾਂ ਦੇ ਕਾਰੋਬਾਰੀ ਅਪਰੇਸ਼ਨਾਂ ਨੂੰ ਲੈ ਕੇ ਦਸਤਾਵੇਜ਼ਾਂ ਦੀ ਫਰੋਲਾ ਫਰਾਲੀ ਕੀਤੀ। ਸੂਤਰਾਂ ਨੇ ਕਿਹਾ ਕਿ ਜਾਂਚ ਬੀ.ਬੀ.ਸੀ. ਦੀਆਂ ਸਹਾਇਕ ਕੰਪਨੀਆਂ ਦੇ ਕੌਮਾਂਤਰੀ ਟੈਕਸੇਸ਼ਨ ਦੇ ਮੁੱਦਿਆਂ ਨਾਲ ਜੁੜੀ ਹੈ। ਉਧਰ ਛਾਪਿਆਂ ਦੀ ਖ਼ਬਰ ਫੈਲਦੇ ਹੀ ਕੇਂਦਰੀ ਦਿੱਲੀ ਦੇ ਕਸਤੂਰਬਾ ਗਾਂਧੀ ਮਾਰਗ ਅਤੇ ਮੁੰਬਈ ਦੇ ਸਾਂਤਾ ਕਰੂਜ਼ ਵਿਚਲੇ ਬੀ.ਬੀ.ਸੀ. ਦਫ਼ਤਰਾਂ ਬਾਹਰ ਆਮ ਲੋਕਾਂ ਤੇ ਮੀਡੀਆ ਕਰਮੀਆਂ ਦੀ ਭੀੜ ਲੱਗ ਗਈ। ਉਂਜ ਛਾਪਿਆਂ ਦੌਰਾਨ ਆਮਦਨ ਕਰ ਵਿਭਾਗ ਦੀਆਂ ਟੀਮਾਂ ਨੇ ਕੰਪਨੀ ਦੇ ਕਾਰੋਬਾਰੀ ਅਦਾਰਿਆਂ ਨੂੰ ਨਿਸ਼ਾਨਾ ਬਣਾਇਆ। ਬੀ.ਬੀ.ਸੀ. ਦੇ ਪ੍ਰਮੋਟਰਾਂ ਜਾਂ ਡਾਇਰੈਕਟਰਾਂ ਦੀਆਂ ਰਿਹਾਇਸ਼ਾਂ ਤੇ ਹੋਰ ਟਿਕਾਣਿਆਂ ਨੂੰ ਕਾਰਵਾਈ ਦੇ ਘੇਰੇ ‘ਚੋਂ ਬਾਹਰ ਰੱਖਿਆ ਗਿਆ। ਆਮਦਨ ਕਰ ਵਿਭਾਗ ਦੀ ਇਹ ਕਾਰਵਾਈ ਅਜਿਹੇ ਮੌਕੇ ਸਾਹਮਣੇ ਆਈ ਹੈ ਜਦੋਂ ਅਜੇ ਕੁਝ ਹਫ਼ਤੇ ਪਹਿਲਾਂ ਬ੍ਰਿਟਿਸ਼ ਬਰਾਡਕਾਸਟਰ ਨੇ ‘ਇੰਡੀਆ: ਦਿ ਮੋਦੀ ਕੁਐੱਸਚਨ’ ਨਾਂ ਦੀ ਵਿਵਾਦਿਤ ਦਸਤਾਵੇਜ਼ੀ ਪ੍ਰਸਾਰਿਤ ਕੀਤੀ ਸੀ। ਦਸਤਾਵੇਜ਼ੀ ਸਾਲ 2002 ਦੇ ਗੁਜਰਾਤ ਦੰਗਿਆਂ ‘ਤੇ ਕੇਂਦਰਿਤ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਦੋਂ ਸੂਬੇ ਦੇ ਮੁੱਖ ਮੰਤਰੀ ਹੁੰਦੇ ਸਨ। ਭਾਰਤ ਸਰਕਾਰ ਨੇ ਦੋ ਪਾਰਟ ਵਾਲੀ ਇਸ ਦਸਤਾਵੇਜ਼ੀ ਨੂੰ ‘ਕੂੜ ਪ੍ਰਚਾਰ ਦਾ ਟੁਕੜਾ’ ਕਰਾਰ ਦਿੱਤਾ ਸੀ, ਜਿਸ ਨੂੰ ‘ਝੂਠਾ ਬਿਰਤਾਂਤ’ ਸਿਰਜਣ ਲਈ ਘੜਿਆ ਗਿਆ ਹੈ। ਦਸਤਾਵੇਜ਼ੀ ਪਿਛਲੇ ਮਹੀਨੇ ਯੂ.ਕੇ. ‘ਚ ਵਿਖਾਏ ਜਾਣ ਮਗਰੋਂ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ‘ਇਹ ਪੂਰੀ ਤਰ੍ਹਾਂ ਪੱਖਪਾਤੀ ਤੇ ਇਸ ‘ਚ ਯਥਾਰਥ ਦੀ ਵੱਡੀ ਘਾਟ ਹੈ ਤੇ ਇਹ ਬਸਤੀਵਾਦੀ ਮਾਨਸਿਕਤਾ ਨੂੰ ਦਰਸਾਉਂਦੀ ਹੈ।’ ਇਸ ਵਿਵਾਦਿਤ ਦਸਤਾਵੇਜ਼ੀ ਨੂੰ ਲੈ ਕੇ ਭਾਰਤੀ ਭਾਈਚਾਰੇ ਨੇ ਯੂ.ਕੇ. ਦੇ ਵੱਖ ਵੱਖ ਸ਼ਹਿਰਾਂ ‘ਚ ਬੀ.ਬੀ.ਸੀ. ਦਫ਼ਤਰਾਂ ਦੇ ਬਾਹਰ ਪ੍ਰਦਰਸ਼ਨ ਵੀ ਕੀਤੇ ਸਨ। ਉਧਰ ਯੂ.ਕੇ. ਦੀ ਸੂਨਕ ਸਰਕਾਰ ਨੇ ਹਾਊਸ ਆਫ਼ ਕਾਮਨਜ਼ ‘ਚ ਕਿਹਾ ਸੀ ਕਿ ਬੀ.ਬੀ.ਸੀ. ਇਕ ਮੀਡੀਆ ਸੰਗਠਨ ਵਜੋਂ ‘ਸੁਤੰਤਰ ਅਦਾਰਾ’ ਹੈ।