ਬਾਡੀ ਪਾਜ਼ੇਟੀਵਿਟੀ ਅਤੇ ਆਤਮ-ਵਿਸ਼ਵਾਸ ਦੇ ਸੰਦੇਸ਼ਾਂ ਨੂੰ ਫੈਲਾਉਣ ਲਈ ਜਾਣੀ ਜਾਣ ਵਾਲੀ ਇੰਡੋ-ਕੈਨੇਡੀਅਨ ਟਿੱਕਟੌਕਰ ਮੇਘਾ ਠਾਕੁਰ ਦਾ ਪਿਛਲੇ ਹਫ਼ਤੇ ਅਚਨਚੇਤ ਦੇਹਾਂਤ ਹੋ ਗਿਆ। ਉਸ ਦੇ ਮਾਪਿਆਂ ਵੱਲੋਂ ਇਕ ਇੰਸਟਾਗ੍ਰਾਮ ਪੋਸਟ ‘ਚ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਟਿਕਟੌਕ ‘ਤੇ 93,000 ਫਾਲੋਅਰਜ਼ ਵਾਲੀ ਬਰੈਂਪਟਨ-ਅਧਾਰਤ ਇੰਫਲੂਐਂਸਰ ਦਾ 21 ਸਾਲ ਦੀ ਉਮਰ ‘ਚ ਦਿਹਾਂਤ ਹੋਇਆ। ਉਹ ਮੱਧ ਪ੍ਰਦੇਸ਼ ਦੇ ਇੰਦੌਰ ਦੀ ਰਹਿਣ ਵਾਲੀ ਸੀ। ਮੇਘਾ ਦੇ ਮਾਤਾ-ਪਿਤਾ ਨੇ ਦੁਖਦਾਈ ਘਟਨਾ ਨੂੰ ਸਾਂਝਾ ਕਰਦੇ ਹੋਏ ਲਿਖਿਆ, ‘ਭਾਰੇ ਦਿਲਾਂ ਨਾਲ ਅਸੀਂ ਦੱਸ ਰਹੇ ਹਾਂ ਕਿ ਸਾਡੇ ਜੀਵਨ ਦੀ ਰੋਸ਼ਨੀ, ਸਾਡੀ ਦਿਆਲੂ, ਦੇਖਭਾਲ ਕਰਨ ਵਾਲੀ ਅਤੇ ਸੁੰਦਰ ਧੀ ਮੇਘਾ ਠਾਕੁਰ ਦਾ 24 ਨਵੰਬਰ 2022 ਨੂੰ ਸਵੇਰੇ ਅਚਾਨਕ ਦਿਹਾਂਤ ਹੋ ਗਿਆ।’ ਉਨ੍ਹਾਂ ਅੱਗੇ ਲਿਖਿਆ, ‘ਮੇਘਾ ਇਕ ਆਤਮ-ਵਿਸ਼ਵਾਸੀ ਅਤੇ ਸੁਤੰਤਰ ਮੁਟਿਆਰ ਸੀ। ਉਸ ਨੂੰ ਬਹੁਤ ਯਾਦ ਕੀਤਾ ਜਾਵੇਗਾ। ਉਹ ਆਪਣੇ ਪ੍ਰਸ਼ੰਸਕਾਂ ਨੂੰ ਬਹੁਤ ਪਿਆਰ ਕਰਦੀ ਸੀ। ਇਸ ਸਮੇਂ ਅਸੀਂ ਮੇਘਾ ਲਈ ਤੁਹਾਡੇ ਆਸ਼ੀਰਵਾਦ ਦੀ ਬੇਨਤੀ ਕਰਦੇ ਹਾਂ। ਉਸਦੀ ਅਗਲੀ ਯਾਤਰਾ ‘ਚ ਤੁਹਾਡੇ ਵਿਚਾਰ ਅਤੇ ਪ੍ਰਾਰਥਨਾਵਾਂ ਉਸ ਦੇ ਨਾਲ ਰਹਿਣਗੀਆਂ।’ ਉਸ ਦੀ ਮੌਤ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ। ਮੰਗਲਵਾਰ ਨੂੰ ਉਸ ਦੀ ਯਾਦ ‘ਚ ਸ਼ਰਧਾਂਜਲੀ ਸਭਾ ਦਾ ਆਯੋਜਨ ਕੀਤਾ ਗਿਆ। 18 ਨਵੰਬਰ ਨੂੰ ਪੋਸਟ ਕੀਤੀ ਗਈ ਉਸਦੀ ਆਖਰੀ ਟਿਕਟੌਕ ਵੀਡੀਓ ਦੀ ਕੈਪਸ਼ਨ ਸੀ: ‘ਤੁਸੀਂ ਆਪਣੀ ਕਿਸਮਤ ਦੇ ਇੰਚਾਰਜ ਹੋ। ਯਾਦ ਰੱਖੋ।’ ਵੀਡੀਓ ‘ਚ ਮੇਘਾ ਨੇ ਸਲੇਟੀ ਅਤੇ ਬੇਜ ਰੰਗ ਦੀ ਮਿੰਨੀ ਡਰੈੱਸ, ਚਿੱਟੇ ਸੈਂਡਲ ਅਤੇ ਐਨਕ ਪਾਈ ਹੋਈ ਸੀ ਅਤੇ ਨਿਊਯਾਰਕ ਦੀਆਂ ਸੜਕਾਂ ‘ਤੇ ਘੁੰਮ ਰਹੀ ਸੀ। ਉਸ ਤੋਂ ਉਸ ਨੇ ਕੋਈ ਪੋਸਟ ਨਹੀਂ ਪਾਈ ਅਤੇ ਹੁਣ ਉਸ ਦੇ ਦੇਹਾਂਤ ਦੀ ਖ਼ਬਰ ਸਾਹਮਣੇ ਆਈ ਹੈ।