ਕੈਲੀਫੋਰਨੀਆ ਦੇ ਸਨੀਵੇਲ ‘ਚ ਸਿਟੀ ਕੌਂਸਲ ਚੋਣਾਂ ‘ਚ ਇਕ ਇੰਡੋ-ਅਮਰੀਕਨ ਇੰਜੀਨੀਅਰ ਨੇ ਸਖਤ ਦੌੜ ‘ਚ ਸਿਰਫ਼ ਇਕ ਵੋਟ ਨਾਲ ਜਿੱਤ ਹਾਸਲ ਕੀਤੀ ਹੈ। ਦਿ ਮਰਕਰੀ ਨਿਊਜ਼ ਮੁਤਾਬਕ ਮੁਰਲੀ ਸ਼੍ਰੀਨਿਵਾਸਨ ਸਨੀਵੇਲ ‘ਚ ਚੁਣੇ ਗਏ ਪਹਿਲੇ ਭਾਰਤੀ ਮੂਲ ਦੇ ਕੌਂਸਲ ਮੈਂਬਰ ਅਤੇ ਜ਼ਿਲ੍ਹਾ 3 ਦੀ ਨੁਮਾਇੰਦਗੀ ਕਰਨ ਵਾਲੇ ਪਹਿਲੇ ਉਮੀਦਵਾਰ ਬਣ ਗਏ। ਜ਼ਿਲ੍ਹਾ 3 ਦੀ ਸਥਾਪਨਾ 2020 ‘ਚ ਕੀਤੀ ਗਈ ਸੀ, ਜਦੋਂ ਸ਼ਹਿਰ ਨੇ ਜ਼ਿਲ੍ਹਾ-ਅਧਾਰਤ ਚੋਣ ਪ੍ਰਣਾਲੀ ਬਦਲਣ ਲਈ ਵੋਟ ਦਿੱਤੀ ਸੀ ਅਤੇ ਯੂ.ਐੱਸ. ਮਰਦਮਸ਼ੁਮਾਰੀ ਦੇ ਅੰਕੜਿਆਂ ਦੇ ਅਧਾਰ ਤੇ 6 ਜ਼ਿਲ੍ਹੇ ਬਣਾਏ ਸਨ। ਸ਼੍ਰੀਨਿਵਾਸਨ ਨੂੰ ਜਿੱਥੇ 2,813 ਵੋਟਾਂ ਮਿਲੀਆਂ, ਉਥੇ ਹੀ ਉਨ੍ਹਾਂ ਦੇ ਵਿਰੋਧੀ ਜਸਟਿਨ ਵੈਂਗ ਨੇ 2,812 ਵੋਟਾਂ ਨਾਲ ਦੌੜ ਸਮਾਪਤ ਕੀਤੀ। ਸ਼੍ਰੀਨਿਵਾਸਨ ਨੇ ਦੱਸਿਆ, ‘ਜੇ ਤੁਸੀਂ ਜ਼ਿਲ੍ਹਾ 5 ਅਤੇ ਜ਼ਿਲ੍ਹਾ 3 ਨੂੰ ਵੇਖਦੇ ਹੋ ਤਾਂ ਅਸੀਂ ਲਗਭਗ 1,100 ਹੋਰ ਵੋਟਾਂ ਹਾਸਲ ਕੀਤੀਆਂ ਹਨ।’ ਉਨ੍ਹਾਂ ਕਿਹਾ, ‘ਇਹ ਯਕੀਨੀ ਤੌਰ ‘ਤੇ ਲੋਕਤੰਤਰ ਅਤੇ ਜ਼ਿਲ੍ਹਾ 3 ਦੇ ਵੋਟਰਾਂ ਲਈ ਇਕ ਵੱਡੀ ਜਿੱਤ ਹੈ, ਜਿਸਦਾ ਸਿਹਰਾ ਉਨ੍ਹਾਂ ਨੂੰ ਜਾਣਾ ਚਾਹੀਦਾ ਹੈ।’ ਉਨ੍ਹਾਂ ਅੱਗੇ ਕਿਹਾ, ਚੋਣ ਨਤੀਜਿਆਂ ਦੀ ਉਡੀਕ ‘ਦਿਲਚਸਪ ਅਤੇ ਤਣਾਅਪੂਰਨ’ ਸੀ। ਉਨ੍ਹਾਂ ਦੱਸਿਆ ਕਿ ਉਹ ਸਨੀਵੇਲ ਦੀ ਸਥਾਨਕ ਸਰਕਾਰ ਦੇ ਅਧੀਨ ਇੰਡੋ-ਅਮਰੀਕਨ ਭਾਈਚਾਰੇ ਦੀ ਨੁਮਾਇੰਦਗੀ ਕਰਨ ‘ਚ ਮਾਣ ਮਹਿਸੂਸ ਕਰ ਰਹੇ ਹਨ। ਕੌਂਸਲ ਮੈਂਬਰ ਹੋਣ ਦੇ ਨਾਤੇ, ਉਹ ਕਿਫਾਇਤੀ ਰਿਹਾਇਸ਼ਾਂ ਤੱਕ ਪਹੁੰਚ ਦੀ ਘਾਟ ਵਰਗੇ ਮੁੱਦਿਆਂ ਨੂੰ ਹੱਲ ਕਰਨ ਦੀ ਉਮੀਦ ਕਰਦੇ ਹਨ। ਉਹ ਸ਼ਹਿਰ ‘ਚ ਨਾਗਰਿਕ ਜੁੜਾਅ ਨੂੰ ਉਤਸ਼ਾਹਤ ਕਰਨ ਦੇ ਤਰੀਕਿਆਂ ‘ਤੇ ਵੀ ਕੰਮ ਕਰਨਗੇ। ਸ਼੍ਰੀਨਿਵਾਸਨ, ਜੋ 3 ਜਨਵਰੀ 2023 ਨੂੰ ਕੌਂਸਲ ਦੀ ਮੀਟਿੰਗ ‘ਚ ਸਹੁੰ ਚੁੱਕਣਗੇ, ਬੈਂਗਲੁਰੂ ‘ਚ ਵੱਡੇ ਹੋਏ ਹਨ। ਉਨ੍ਹਾਂ ਦੀ ਵੈਬਸਾਈਟ ਦੇ ਅਨੁਸਾਰ, ਸ਼੍ਰੀਨਿਵਾਸਨ ਆਪਣੇ ਅਮਰੀਕਨ ਸੁਫ਼ਨੇ ਨੂੰ ਪੂਰਾ ਕਰਨ ਲਈ ਇੰਡੀਆ ਤੋਂ ਅਮਰੀਕਾ ਆਏ ਸਨ। ਸ਼੍ਰੀਨਿਵਾਸਨ ਨੇ ਸਟੈਨਫੋਰਡ ਯੂਨੀਵਰਸਿਟੀ ਤੋਂ ਵਰਜੀਨੀਆ ਟੈਕ ਅਤੇ ਇੰਜੀਨੀਅਰਿੰਗ ਮੈਨੇਜਮੈਂਟ ਤੋਂ ਕੰਪਿਊਟਰ ਸਾਇੰਸ ‘ਚ ਮਾਸਟਰਜ਼ ਕੀਤੀ ਹੈ।