ਇੰਡੋਨੇਸ਼ੀਆ ਦੇ ਮੁੱਖ ਟਾਪੂ ਜਾਵਾ ‘ਚ ਸੋਮਵਾਰ ਨੂੰ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 46 ਹੋ ਗਈ ਹੈ ਅਤੇ 700 ਦੇ ਕਰੀਬ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਭੂਚਾਲ ਕਾਰਨ ਦਰਜਨਾਂ ਇਮਾਰਤਾਂ ਨੁਕਸਾਨੀਆਂ ਗਈਆਂ ਅਤੇ ਲੋਕਾਂ ਨੂੰ ਆਪਣੀ ਜਾਨ ਬਚਾਉਣ ਲਈ ਗਲੀਆਂ-ਗਲੀਆਂ ‘ਚ ਭੱਜਣਾ ਪਿਆ। ਅਮਰੀਕਨ ਭੂ-ਵਿਗਿਆਨਕ ਸਰਵੇਖਣ ਨੇ ਕਿਹਾ ਕਿ 5.4 ਦੀ ਤੀਬਰਤਾ ਵਾਲੇ ਭੂਚਾਲ ਦਾ ਕੇਂਦਰ ਪੱਛਮੀ ਜਾਵਾ ਸੂਬੇ ਦੇ ਸਿਆਨਜੂਰ ਖੇਤਰ ‘ਚ 10 ਕਿਲੋਮੀਟਰ ਦੀ ਡੂੰਘਾਈ ‘ਤੇ ਕੇਂਦਰਿਤ ਸੀ। ਨੈਸ਼ਨਲ ਡਿਜ਼ਾਸਟਰ ਮਿਟੀਗੇਸ਼ਨ ਏਜੰਸੀ ਦੇ ਮੁਖੀ ਸੁਹਰਯੰਤੋ ਨੇ ਦੱਸਿਆ ਕਿ ਇਸ ਨਾਲ ਘੱਟੋ-ਘੱਟ 46 ਲੋਕਾਂ ਦੀ ਮੌਤ ਹੋ ਗਈ ਅਤੇ 700 ਹੋਰ ਜ਼ਖਮੀ ਹੋ ਗਏ ਹਨ। ਏਜੰਸੀ ਨੇ ਕਿਹਾ ਕਿ ਇਸਲਾਮਿਕ ਬੋਰਡਿੰਗ ਸਕੂਲ, ਹਸਪਤਾਲ ਅਤੇ ਹੋਰ ਜਨਤਕ ਸਹੂਲਤਾਂ ਸਮੇਤ ਦਰਜਨਾਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਇਕ ਬਿਆਨ ‘ਚ ਕਿਹਾ ਗਿਆ ਕਿ ਜ਼ਖਮੀਆਂ ਦੀ ਗਿਣਤੀ ਅਤੇ ਨੁਕਸਾਨ ਦੇ ਬਾਰੇ ‘ਚ ਜਾਣਕਾਰੀ ਅਜੇ ਵੀ ਇਕੱਠੀ ਕੀਤੀ ਜਾ ਰਹੀ ਹੈ।