ਆਈ.ਸੀ.ਸੀ. ਟੀ-20 ਵਰਲਡ ਕੱਪ ਦੇ ਇੰਡੀਆ ਅਤੇ ਬੰਗਲਾਦੇਸ਼ ਵਿਚਾਲੇ ਸੁਪਰ 12 ਗਰੁੱਪ-2 ਦਾ 35ਵਾਂ ਮੈਚ ਖੇਡਿਆ ਗਿਆ। ਮੈਚ ‘ਚ ਇੰਡੀਆ ਨੇ ਬੰਗਲਾਦੇਸ਼ ਨੂੰ 5 ਦੌੜਾਂ ਨਾਲ ਹਰਾ ਦਿੱਤਾ ਹੈ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਡੀਆ ਨੇ ਵਿਰਾਟ ਕੋਹਲੀ ਤੇ ਕੇ.ਐੱਲ. ਰਾਹੁਲ ਦੇ ਅਰਧ ਸੈਂਕੜਿਆਂ ਦੀ ਬਦੌਲਤ ਨਿਰਧਾਰਤ 20 ਓਵਰਾਂ 6 ਵਿਕਟਾਂ ਦੇ ਨੁਕਸਾਨ ‘ਤੇ 184 ਦੌੜਾਂ ਬਣਾਈਆਂ। ਇਸ ਤਰ੍ਹਾਂ ਇੰਡੀਆ ਨੇ ਬੰਗਲਾਦੇਸ਼ ਨੂੰ ਜਿੱਤ ਲਈ 185 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਬੰਗਲਾਦੇਸ਼ ਨੇ 7 ਓਵਰਾਂ ‘ਚ ਬਿਨਾ ਵਿਕਟ ਗੁਆਏ 66 ਦੌੜਾਂ ਬਣਾ ਲਈਆਂ ਸਨ। ਪਰ ਇਸ ਦੌਰਾਨ ਮੀਂਹ ਪੈਣਾ ਸ਼ੁਰੂ ਹੋ ਗਿਆ ਜਿਸ ਕਾਰਨ ਮੈਚ ਰੋਕ ਦਿੱਤਾ ਗਿਆ ਸੀ। ਜਦੋਂ ਮੈਚ ਮੁੜ ਸ਼ੁਰੂ ਕੀਤਾ ਗਿਆ ਤਾਂ ਇਹ 20 ਓਵਰਾਂ ਦੀ ਬਜਾਏ 16 ਓਵਰਾਂ ਦਾ ਕਰ ਦਿੱਤਾ ਗਿਆ। ਇਸ ਕਾਰਨ ਟੀਚਾ ਵੀ 151 ਦੌੜਾਂ ਦਾ ਕਰ ਦਿੱਤਾ ਗਿਆ। ਇਸ ਤੋਂ ਬਾਅਦ ਬੰਗਲਾਦੇਸ਼ ਦੀ ਟੀਮ ਨਿਰਧਾਰਤ 16 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 145 ਦੌੜਾਂ ਹੀ ਬਣਾ ਸਕੀ ਤੇ ਮੈਚ 5 ਦੌੜਾਂ ਨਾਲ ਹਾਰ ਗਈ। ਇੰਡੀਆ ਵੱਲੋਂ ਅਰਸ਼ਦੀਪ ਸਿੰਘ ਨੇ 2, ਮੁਹੰਮਦ ਸ਼ੰਮੀ ਨੇ 1 ਤੇ ਹਾਰਦਿਕ ਪੰਡਯਾ ਨੇ 2 ਵਿਕਟਾਂ ਲਈਆਂ। ਬੰਗਲਾਦੇਸ਼ ਦੀ ਪਹਿਲੀ ਵਿਕਟ ਲਿਟਨ ਦਾਸ ਦੇ ਤੌਰ ‘ਤੇ ਡਿੱਗੀ। ਲਿਟਸ ਦਾਸ 60 ਦੌੜਾਂ ਬਣਾ ਰਾਹੁਲ ਵੱਲੋਂ ਰਨ ਆਊਟ ਹੋ ਕੇ ਪਵੇਲੀਅਨ ਪਰਤ ਗਏ। ਬੰਗਲਾਦੇਸ਼ ਦੀ ਦੂਜੀ ਵਿਕਟ ਨਜਮੁਲ ਹੁਸੈਨ ਦੇ ਤੌਰ ‘ਤੇ ਡਿੱਗੀ। ਨਜਮੁਲ 21 ਦੌੜਾਂ ਦੇ ਨਿੱਜੀ ਸਕੋਰ ‘ਤੇ ਸ਼ੰਮੀ ਵਲੋਂ ਆਊਟ ਹੋਇਆ। ਬੰਗਲਾਦੇਸ਼ ਨੂੰ ਤੀਜਾ ਝਟਕਾ ਅਰਸ਼ਦੀਪ ਨੇ ਦਿੱਤਾ। ਅਰਸ਼ਦੀਪ ਨੇ ਅਫੀਫ ਹੁਸੈਨ ਨੂੰ 3 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਕੀਤਾ। ਬੰਗਲਾਦੇਸ਼ ਦੀ ਚੌਥੀ ਵਿਕਟ ਕਪਤਾਨ ਸ਼ਾਕਿਬ ਦੇ ਤੌਰ ‘ਤੇ ਡਿੱਗੀ। ਸ਼ਾਕਿਬ 13 ਦੌੜਾਂ ਦੇ ਨਿੱਜੀ ਸਕੋਰ ‘ਤੇ ਅਰਸ਼ਦੀਪ ਦਾ ਸ਼ਿਕਾਰ ਬਣਿਆ। ਇਸ ਤੋਂ ਬਾਅਦ ਬੰਗਲਾਦੇਸ਼ ਦੇ ਯਾਸਿਰ ਅਲੀ 1 ਦੌੜ ਤੇ ਮੌਸਾਦੇਕ ਹੁਸੈਨ 6 ਦੌੜਾਂ ਬਣਾ ਆਊਟ ਹੋਏ।