ਇੰਡੀਆ ਤੇ ਨਿਊਜ਼ੀਲੈਂਡ ਦਰਮਿਆਨ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਤੀਜਾ ਤੇ ਆਖਰੀ ਮੈਚ ਇੰਦੌਰ ਦੇ ਹੋਲਕਰ ਕ੍ਰਿਕਟ ਸਟੇਡੀਅਮ ‘ਚ ਖੇਡਿਆ ਗਿਆ। ਮੈਚ ‘ਚ ਇੰਡੀਆ ਨੇ ਨਿਊਜ਼ੀਲੈਂਡ ਨੂੰ 90 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਇੰਡੀਆ ਨੇ ਨਿਊਜ਼ੀਲੈਂਡ ਨੂੰ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ‘ਚ ਕਲੀਨ ਸਵੀਪ ਕਰ ਦਿੱਤਾ ਹੈ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਡੀਆ ਨੇ ਰੋਹਿਤ ਸ਼ਰਮਾ ਦੀਆਂ 101 ਦੌੜਾਂ ਤੇ ਸ਼ੁਭਮਨ ਗਿੱਲ ਦੀਆਂ 112 ਦੌੜਾਂ ਦੀ ਬਦੌਲਤ 50 ਓਵਰਾਂ ‘ਚ 9 ਵਿਕਟਾਂ ਦੇ ਨੁਕਸਾਨ ‘ਤੇ 385 ਦੌੜਾਂ ਬਣਾਈਆਂ। ਇਸ ਤਰ੍ਹਾਂ ਇੰਡੀਆ ਨੇ ਨਿਊਜ਼ੀਲੈਂਡ ਨੂੰ ਜਿੱਤ ਲਈ 386 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਨਿਊਜ਼ੀਲੈਂਡ 41.2 ਓਵਰਾਂ ‘ਚ 10 ਵਿਕਟਾਂ ਦੇ ਨੁਕਸਾਨ ‘ਤੇ 295 ਦੌੜਾਂ ਬਣਾ ਸਕਿਆ ਤੇ 90 ਦੌੜਾਂ ਨਾਲ ਇਹ ਮੈਚ ਹਾਰ ਗਿਆ। ਨਿਊਜ਼ੀਲੈਂਡ ਵੱਲੋਂ ਸਭ ਤੋਂ ਵੱਧ ਡੇਵੋਨ ਕੌਨਵੇ ਨੇ 138 ਦੌੜਾਂ ਬਣਾਈਆਂ ਪਰ ਉਨ੍ਹਾਂ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਟਿੱਕ ਕੇ ਨਾ ਖੇਡ ਸਕਿਆ। ਹੈਨਰੀ ਨਿਕੋਲਸ ਨੇ 42 ਦੌੜਾਂ, ਡਾਰਲੀ ਮਿਸ਼ੇਲ ਨੇ 24 ਦੌੜਾਂ ਤੇ ਕਪਤਾਨ ਟਾਮ ਲਾਥਮ ਨੇ 0 ਦੌੜਾਂ ਬਣਾਈਆਂ। ਇੰਡੀਆ ਵੱਲੋਂ ਹਾਰਦਿਕ ਪੰਡਯਾ ਨੇ 1, ਸ਼ਾਰਦੁਲ ਠਾਕੁਰ ਨੇ 3, ਉਮਰਾਨ ਮਲਿਕ ਨੇ 1 ਤੇ ਕੁਲਦੀਪ ਯਾਦਵ ਨੇ 3 ਤੇ ਯੁਜਵੇਂਦਰ ਚਾਹਲ ਨੇ 2 ਵਿਕਟ ਝਟਕਾਈਆਂ।