ਇੰਡੀਆ ਨੇ ਐੱਫ.ਆਈ.ਐੱਚ. ਮਹਿਲਾ ਨੇਸ਼ਨਜ਼ ਕੱਪ ਦੇ ਫਾਈਨਲ ਮੈਚ ‘ਚ ਸਪੇਨ ਨੂੰ 1-0 ਨਾਲ ਹਰਾ ਕੇ ਖ਼ਿਤਾਬ ਆਪਣੇ ਨਾਮ ਕਰ ਲਿਆ। ਪਹਿਲੀ ਵਾਰ ਕਰਵਾਏ ਗਏ ਇਸ ਟੂਰਨਾਮੈਂਟ ਨੂੰ ਜਿੱਤ ਕੇ ਟੀਮ ਨੇ 2023-24 ਪ੍ਰੋ-ਲੀਗ ‘ਚ ਆਪਣੀ ਜਗ੍ਹਾ ਪੱਕੀ ਕਰ ਲਈ। ਗੁਰਜੀਤ ਕੌਰ ਨੇ ਛੇਵੇਂ ਮਿੰਟ ‘ਚ ਮੈਚ ਦਾ ਸਭ ਤੋਂ ਅਹਿਮ ਗੋਲ ਕੀਤਾ। ਉਸ ਨੇ ਪੈਨਲਟੀ ਕਾਰਨਰ ਨੂੰ ਗੋਲ ‘ਚ ਤਬਦੀਲ ਕਰ ਦਿੱਤਾ ਤੇ ਅਖੀਰ ‘ਚ ਇਹੀ ਗੋਲ ਫੈਸਲਾਕੁਨ ਸਾਬਿਤ ਹੋਇਆ। ਰਾਸ਼ਟਰਮੰਡਲ ਖੇਡਾਂ ਦੀ ਕਾਂਸੀ ਤਗ਼ਮਾ ਜੇਤੂ ਭਾਰਤੀ ਟੀਮ ਨੇ ਅੱਠ ਦੇਸ਼ਾਂ ਦੇ ਇਸ ਟੂਰਨਾਮੈਂਟ ‘ਚ ਆਪਣੀ ਚੁਣੌਤੀ ਦਾ ਅੰਤ ਲਗਾਤਾਰ ਪੰਜ ਜਿੱਤਾਂ ਨਾਲ ਕੀਤਾ। ਇਸ ਤੋਂ ਪਹਿਲਾਂ ਕੋਚ ਜੈਨੇਕ ਸ਼ੋਪਮੈਨ ਦੀ ਟੀਮ ਨੇ ਇੱਥੇ ਸੈਮੀ ਫਾਈਨਲ ਮੈਚ ‘ਚ ਆਇਰਲੈਂਡ ਨੂੰ ਸ਼ੂਟਆਊਟ ‘ਚ 2-1 ਨਾਲ ਹਰਾਇਆ ਸੀ। ਮੈਚ ‘ਚ ਸਪੇਨ ਨੇ ਪਹਿਲਾਂ ਪੈਨਲਟੀ ਕਾਰਨਰ ਹਾਸਲ ਕੀਤਾ ਪਰ ਭਾਰਤੀ ਕਪਤਾਨ ਤੇ ਗੋਲਕੀਪਰ ਸਵਿਤਾ ਪੂਨੀਆ ਨੇ ਬਹੁਤ ਵਧੀਆ ਬਚਾਅ ਕਰ ਕੇ ਸਪੇਨ ਦੀਆਂ ਆਸਾਂ ‘ਤੇ ਪਾਣੀ ਫੇਰ ਦਿੱਤਾ। ਉਪਰੰਤ ਇੰਡੀਆ ਨੇ ਛੇਵੇਂ ਮਿੰਟ ‘ਚ ਮਿਲੇ ਪੈਨਲਟੀ ਕਾਰਨਰ ਨੂੰ ਗੋਲ ‘ਚ ਤਬਦੀਲ ਕਰ ਦਿੱਤਾ। ਡਰੈਗ-ਫਲਿੱਕਰ ਗੁਰਜੀਤ ਕੌਰ ਨੇ ਸਪੇਨ ਦੇ ਗੋਲਕੀਪਰ ਕਲਾਰਾ ਪੈਰੇਜ਼ ਦੇ ਖੱਬੇ ਪਾਸੇ ਗੇਂਦ ਮਾਰੀ ਤੇ ਉਸ ਨੂੰ ਚਕਮਾ ਦੇ ਕੇ ਗੋਲ ਕਰਨ ‘ਚ ਸਫਲ ਰਹੀ।