ਇੰਡੀਆ ਨੇ ਸਾਰੇ ਏਅਰਪੋਰਟਾਂ ‘ਤੇ ਕਰੋਨਾ ਦੀ ਨਵੀਂ ਲਹਿਰ ਦੇ ਮੱਦੇਨਜ਼ਰ ਨਿਗਰਾਨੀ ਵਧਾ ਦਿੱਤੀ ਹੈ। ਇੰਡੀਆ ‘ਚ ਅਗਲੇ ਮਹੀਨੇ ਕਰੋਨਾ ਦੀ ਨਵੀਂ ਲਹਿਰ ਦੇ ਆਸਾਰ ਹਨ। ਚੀਨ ਸਮੇਤ ਕਈ ਮੁਲਕਾਂ ‘ਚ ਰੋਜ਼ਾਨਾ ਸਾਹਮਣੇ ਆ ਰਹੇ ਹਜ਼ਾਰਾਂ ਕੇਸਾਂ ਤੋਂ ਬਾਅਦ ਅਗਲੇ ਮਹੀਨੇ ਇੰਡੀਆ ‘ਚ ਵੀ ਕਰੋਨਾ ਦੀ ਨਵੀਂ ਲਹਿਰ ਆ ਸਕਦੀ ਹੈ। ਇਸ ਨੂੰ ਲੈ ਕੇ ਇੰਡੀਆ ਸਰਕਾਰ ਨੇ ਏਅਰਪੋਰਟਾਂ ‘ਤੇ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਨਿਗਰਾਨੀ ਵਧਾ ਦਿੱਤੀ ਹੈ। ਸੂਤਰਾਂ ਮੁਤਾਬਕ ਇੰਡੀਆ ‘ਚ ਜਨਵਰੀ ਮਹੀਨੇ ‘ਚ ਕਰੋਨਾ ਦਾ ਨਵਾਂ ਸਬ-ਵੇਰੀਐਂਟ ਬੀ. ਐੱਫ.-7 ਫੈਲ ਸਕਦਾ ਹੈ। ਇੰਡੀਆ ਲਈ ਅਗਲੇ 30 ਤੋਂ 40 ਦਿਨ ਬਹੁਤ ਮੁਸ਼ਕਿਲ ਭਰੇ ਹਨ। ਕੋਵਿਡ ਦਾ ਨਵਾਂ ਵੇਰੀਐਂਟ ਬਹੁਤ ਖਤਰਨਾਕ ਦੱਸਿਆ ਜਾ ਰਿਹਾ ਹੈ। ਚੀਨ ‘ਚ ਕਰੋਨਾ ਦੇ ਮਾਮਲਿਆਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ, ਇਸ ਦਾ ਦੂਜੇ ਦੇਸ਼ਾਂ ‘ਚ ਵੀ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇੰਡੀਆ ‘ਚ ਹੁਣ ਹਾਲਾਤ ਆਮ ਵਾਂਗ ਹਨ ਪਰ ਵਿਦੇਸ਼ਾਂ ਤੋਂ ਲੋਕਾਂ ਦੇ ਆਉਣ ਕਾਰਨ ਹਾਲਾਤ ਵਿਗੜ ਨਾ ਜਾਣ। ਇਸੇ ਡਰ ਦਰਨਮਿਆਨ, ਕੋਲੰਬੋ ਦੇ ਰਸਤੇ ਚੀਨ ਤੋਂ ਪਰਤੀ ਇਕ ਔਰਤ ਅਤੇ ਉਸ ਦੀ 6 ਸਾਲ ਦੀ ਬੇਟੀ ਤਾਮਿਲਨਾਡੂ ਦੇ ਮਦੁਰਾਈ ਹਵਾਈ ਅੱਡੇ ‘ਤੇ ਜਾਂਚ ਦੌਰਾਨ ਕਰੋਨਾ ਪਾਜ਼ੇਟਿਵ ਪਾਈ ਗਈ। ਹਾਲਾਂਕਿ ਉਨ੍ਹਾਂ ਦੇ ਨਮੂਨੇ ਜੀਨੋਮ ਸੀਕੁਐਂਸਿੰਗ ਲਈ ਭੇਜੇ ਜਾਣਗੇ ਤਾਂ ਜੋ ਵੇਰੀਐਂਟ ਦਾ ਪਤਾ ਲਾਇਆ ਜਾ ਸਕੇ। ਓਧਰ, ਕਈ ਦੇਸ਼ ਆਪਣੇ ਨਾਗਰਿਕਾਂ ਨੂੰ ਐਂਟੀ-ਕੋਵਿਡ ਵੈਕਸੀਨ ਦੀ ਤੀਜੀ ਅਤੇ ਚੌਥੀ ਬੂਸਟਰ ਖੁਰਾਕ ਦੇ ਰਹੇ ਹਨ ਪਰ ਮਾਹਰਾਂ ਦਾ ਕਹਿਣਾ ਹੈ ਕਿ ਇੰਡੀਆ ‘ਚ ਚੌਥੀ ਖੁਰਾਕ ਦੀ ਲੋੜ ਨਹੀਂ ਹੈ। ਕੋਵਿਡ ਖਿਲਾਫ ਦੋਵੇਂ ਟੀਕੇ ਲਗਵਾ ਕੇ ਟੀਕਾਕਰਨ ਪੂਰਾ ਕਰਵਾ ਚੁੱਕੇ ਕਈ ਲੋਕਾਂ ਨੇ ਹੁਣ ਤੱਕ ਇਕ ਵੀ ਬੂਸਟਰ ਖੁਰਾਕ ਨਹੀਂ ਲਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦੇ ਲਈ ਇਕ ਇਕ ਢਾਂਚਾਗਤ ਅਤੇ ਯੋਜਨਾਬੱਧ ਪ੍ਰਤੀਕਿਰਿਆ ਦੀ ਲੋੜ ਹੈ। ਮਾਹਿਰਾਂ ਨੇ ਕਿਹਾ ਕਿ ਐਂਟੀ-ਕੋਵਿਡ ਵੈਕਸੀਨ ਦੀ ਚੌਥੀ ਡੋਜ਼ ਇਸ ਸਮੇਂ ਅਣਉਚਿਤ ਹੈ ਕਿਉਂਕਿ ਦੇਸ਼ ਦੇ ਜ਼ਿਆਦਾਤਰ ਲੋਕਾਂ ਨੂੰ ਅਜੇ ਤੀਜੀ ਖੁਰਾਕ ਨਹੀਂ ਮਿਲੀ ਹੈ। ਇਸ ਤੋਂ ਇਲਾਵਾ ਇੰਡੀਆ ‘ਚ ਵੱਡੀ ਗਿਣਤੀ ‘ਚ ਲੋਕ ਵਾਇਰਸ ਦੇ ਸੰਪਰਕ ‘ਚ ਆ ਚੁੱਕੇ ਹਨ ਅਤੇ ਟੀਕੇ ਲਗਾਏ ਗਏ ਹਨ, ਇਸ ਲਈ ਸਥਿਤੀ ਕਾਫੀ ਵੱਖ ਹੈ।