ਆਪਣੇ ਦੋ ਪੁੱਤਰਾਂ ਕੋਲ ਅਮਰੀਕਾ ਆਏ ਹੋਏ ਮਾਪੇ ਦੋਹਾਂ ਪੁੱਤਰਾਂ ਸਮੇਤ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਇਹ ਹਾਦਸਾ ਅਰੀਜ਼ੋਨਾ ਦੀ ਸਿਟੀ ਸੇਡੋਨਾ ‘ਚ ਵਾਪਰਿਆ। ਇਸ ਸੜਕ ਹਾਦਸੇ ‘ਚ ਚਾਰ ਭਾਰਤੀਆਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਆਂਧਰਾ ਪ੍ਰਦੇਸ਼ ਨਾਲ ਸਬੰਧਤ ਮਾਂ-ਪਿਉ ਕੁਝ ਦਿਨ ਪਹਿਲਾਂ ਹੀ ਅਮਰੀਕਾ ‘ਚ ਰਹਿੰਦੇ ਆਪਣੇ ਦੋ ਪੁੱਤਰਾਂ ਨੂੰ ਮਿਲਣ ਲਈ ਆਏ ਸਨ। ਜਦੋਂ ਇਹ ਹਾਦਸਾ ਵਾਪਰਿਆ ਉਦੋਂ ਇਹ ਪਰਿਵਾਰ ਕਾਰ ‘ਚ ਸਵਾਰ ਹੋ ਕੇ ਅਰੀਜ਼ੋਨਾ ਦੀ ਸਿਟੀ ਸੇਡੋਨਾ ਵਿਖੇ ਕਿਸੇ ਨੂੰ ਮਿਲਣ ਜਾ ਰਿਹਾ ਸੀ। ਇਸ ਦੌਰਾਨ ਉਨ੍ਹਾਂ ਦੀ ਕਾਰ ਨੂੰ ਇਕ ਟਰੈਕਟਰ ਟਰੇਲਰ ਨੇ ਸਿੱਧੀ ਟੱਕਰ ਮਾਰ ਦਿੱਤੀ ਜਿਸ ਨਾਲ ਇਕੋ ਪਰਿਵਾਰ ਦੇ 4 ਜੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਟਰੱਕ ਦੇ ਡਰਾਈਵਰ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਦੀ ਬ੍ਰੇਕ ਫੇਲ੍ਹ ਹੋ ਜਾਣ ਕਾਰਨ ਇੰਨਾ ਵੱਡਾ ਹਾਦਸਾ ਵਾਪਰਿਆ ਹੈ। ਇਹ ਹਾਦਸਾ ਅਰੀਜ਼ੋਨਾ ਦੇ ਫਲੈਗਸਟਾਫ ਦੇ ਨੇੜੇ ਵਾਪਰਿਆ। ਜਨਤਕ ਸੁਰੱਖਿਆ ਵਿਭਾਗ ਨੇ ਮਾਰੇ ਗਏ ਲੋਕਾਂ ਦੀ ਪਛਾਣ 54 ਸਾਲਾ ਗਿਆਨੱਪਨ ਨਾਗਾਰਾਜਨ, ਉਨ੍ਹਾਂ ਦੀ ਪਤਨੀ 45 ਸਾਲਾ ਵਿਜੇ ਲਕਸ਼ਮੀ ਅਤੇ ਉਨ੍ਹਾਂ ਦੇ ਦੋ ਪੁੱਤਰਾਂ 24 ਸਾਲਾ ਅਤੀਸ਼ ਨਾਗਾਰਾਜਨ ਅਤੇ 23 ਸਾਲਾ ਦਿਨੇਸ਼ ਨਾਗਾਰਾਜਨ ਵਜੋਂ ਕੀਤੀ ਗਈ ਹੈ। ਦਿਨੇਸ਼ ਨਾਗਾਰਾਜਨ ਅਮਰੀਕਾ ‘ਚ ਗਾਇਕ ਅਤੇ ਸੰਗੀਤਕਾਰ ਸੀ।