ਇੰਡੀਆ ਨੇ ਨਿਊਜ਼ੀਲੈਂਡ ਨਾਲ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਖੇਡੀ ਜਿਸ ਦਾ ਪਹਿਲਾ ਮੈਚ ਮੀਂਹ ਨਾਲ ਰੱਦ ਹੋ ਗਿਆ ਸੀ। ਦੂਜੇ ਮੈਚ ‘ਚ ਇੰਡੀਆ ਸੂਰਿਆ ਕੁਮਾਰ ਯਾਦਵ ਦੇ ਨਾਬਾਦ ਸੈਂਕੜੇ ਦੀ ਬਦੌਲਤ 65 ਦੌੜਾਂ ਨਾਲ ਜੇਤੂ ਰਿਹਾ। ਪਰ ਇਹ ਤੀਜਾ ਮੈਚ ਇਕ ਵਾਰ ਫਿਰ ਮੀਂਹ ਦੀ ਭੇਟ ਚੜ੍ਹ ਗਿਆ। ਇਸ ਤਰ੍ਹਾਂ ਇੰਡੀਆ ਨੇ ਇਹ ਸੀਰੀਜ਼ 1-0 ਨਾਲ ਜਿੱਤ ਲਈ। ਹੁਣ ਦੋਵੇਂ ਮੁਲਕ ਵਨ ਡੇ ਮੈਚਾਂ ਦੀ ਸੀਰੀਜ਼ ਖੇਡਣਗੇ। ਮੀਂਹ ਨਾਲ ਪ੍ਰਭਾਵਿਤ ਤੀਜਾ ਟੀ-20 ਮੈਚ ਟਾਈ ਹੋਣ ਤੋਂ ਬਾਅਦ ਇੰਡੀਆ ਨੂੰ ਸੀਰੀਜ਼ ‘ਚ 1-0 ਨਾਲ ਜੇਤੂ ਐਲਾਨਿਆ ਗਿਆ। ਇੰਡੀਆ ਨੇ ਮੁਹੰਮਦ ਸਿਰਾਜ (17/4) ਅਤੇ ਅਰਸ਼ਦੀਪ ਸਿੰਘ (37/4) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਨਿਊਜ਼ੀਲੈਂਡ ਨੂੰ ਪਹਿਲੀ ਪਾਰੀ ‘ਚ 160 ਦੌੜਾਂ ‘ਤੇ ਆਲ-ਆਊਟ ਕਰ ਦਿੱਤਾ। ਇਸ ਤੋਂ ਬਾਅਦ ਹਾਰਦਿਕ ਪਾਂਡਿਆ (ਅਜੇਤੂ 30) ਦੇ ਅਹਿਮ ਯੋਗਦਾਨ ਦੀ ਮਦਦ ਨਾਲ ਟੀਮ ਨੇ 9 ਓਵਰਾਂ ‘ਚ 75 ਦੌੜਾਂ ਬਣਾਈਆਂ। ਮੀਂਹ ਕਾਰਨ ਅੱਗੇ ਦੀ ਖੇਡ ਨਹੀਂ ਹੋ ਸਕੀ ਅਤੇ ਮੈਚ ਨੂੰ ਡਕਵਰਥ ਲੁਈਸ ਵਿਧੀ ਦੇ ਆਧਾਰ ‘ਤੇ ਟਾਈ ਐਲਾਨ ਦਿੱਤਾ ਗਿਆ। ਸੂਰਿਆ ਕੁਮਾਰ ਯਾਦਵ ਨੂੰ ਮਾਊਂਟ ਮੌਂਗਾਨੁਈ ਵਿਖੇ ਉਨ੍ਹਾਂ ਦੇ ਧਮਾਕੇਦਾਰ ਸੈਂਕੜੇ ਲਈ ਪਲੇਅਰ ਆਫ ਦਿ ਸੀਰੀਜ਼ ਚੁਣਿਆ ਗਿਆ ਜਦਕਿ ਸਿਰਾਜ ਨੂੰ ਪਲੇਅਰ ਆਫ ਦਿ ਮੈਚ ਦਾ ਐਵਾਰਡ ਦਿੱਤਾ ਗਿਆ।