ਇੰਡੀਆ ਅਤੇ ਸ੍ਰੀਲੰਕਾ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਤਿਰੂਅਨੰਤਪੁਰਮ ਦੇ ਗ੍ਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡਿਆ ਗਿਆ ਜੋ ਇੰਡੀਆ ਨੇ 317 ਦੌੜਾਂ ਦੇ ਵੱਡੇ ਫਰਕ ਨਾਲ ਜਿੱਤ ਲਿਆ। ਇਹ ਜਿੱਤ ਵਨਡੇ ਇਤਿਹਾਸ ਦੀ ਸਭ ਤੋਂ ਵੱਡੀ ਜਿੱਤ ਹੈ। ਇਸ ਦੇ ਨਾਲ ਹੀ ਇੰਡੀਆ ਨੇ ਤਿੰਨ ਮੈਚਾਂ ਦੀ ਇਹ ਵਨਡੇ ਸੀਰੀਜ਼ ‘ਚ ਸ੍ਰੀਲੰਕਾ ਨੂੰ ਕਲੀਨ ਸਵੀਪ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਡੀਆ ਨੇ ਨਿਰਧਾਰਤ 50 ਓਵਰਾਂ ‘ਚ ਵਿਰਾਟ ਕੋਹਲੀ ਦੀਆਂ ਅਜੇਤੂ 166 ਦੌੜਾਂ ਤੇ ਸ਼ੁਭਮਨ ਗਿੱਲ ਦੀਆਂ 116 ਦੌੜਾਂ ਦੀ ਬਦੌਲਤ 5 ਵਿਕਟਾਂ ਦੇ ਨੁਕਸਾਨ ‘ਤੇ 390 ਦੌੜਾਂ ਬਣਾਈਆਂ। ਇਸ ਤਰ੍ਹਾਂ ਇੰਡੀਆ ਨੇ ਸ੍ਰੀਲੰਕਾ ਨੂੰ ਜਿੱਤ ਲਈ 391 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਸ੍ਰੀਲੰਕਾ ਦਾ ਪ੍ਰਦਰਸ਼ਨ ਬੇਹੱਦ ਖਰਾਬ ਰਿਹਾ। ਸ੍ਰੀਲੰਕਾ ਸਿਰਫ 22 ਓਵਰਾਂ ‘ਚ ਆਲ ਆਊਟ ਹੋ ਕੇ 73 ਦੌੜਾਂ ਹੀ ਬਣਾ ਸਕੀ। ਸਿੱਟੇ ਵਜੋਂ ਇੰਡੀਆ ਨੇ ਇਹ ਮੈਚ 317 ਦੌੜਾਂ ਨਾਲ ਜਿੱਤ ਲਿਆ। ਸ੍ਰੀਲੰਕਾ ਦੇ ਬੱਲੇਬਾਜ਼ ਪਾਰੀ ਦੇ ਸ਼ੁਰੂਆਤ ‘ਚ ਭਾਰਤੀ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਅੱਗੇ ਦਬਾਅ ‘ਚ ਆ ਗਏ। ਉਸ ਦਾ ਕੋਈ ਵੀ ਬੱਲੇਬਾਜ਼ ਕ੍ਰੀਜ਼ ‘ਤੇ ਟਿਕ ਕੇ ਨਹੀਂ ਖੇਡ ਸਕਿਆ। ਸ੍ਰੀਲੰਕਾ ਵੱਲੋਂ ਸਲਾਮੀ ਬੱਲੇਬਾਜ਼ ਅਨਿਸ਼ਕਾ ਫਰਨਾਂਡੋ 19 ਦੌੜਾਂ ਤੇ ਕਪਤਾਨ ਦਾਸੁਨ ਸ਼ਨਾਕਾ 11 ਦੌੜਾਂ ਹੀ ਬਣਾ ਸਕੇ। ਇੰਡੀਆ ਵੱਲੋਂ ਮੁਹੰਮਦ ਸ਼ੰਮੀ ਨੇ 2, ਮੁਹੰਮਦ ਸਿਰਾਜ ਨੇ 4 ਤੇ ਕੁਲਦੀਪ ਯਾਦਵ ਨੇ 2 ਵਿਕਟਾਂ ਲਈਆਂ।