ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਨੇ ਸਾਰਾ ਗਲੇਨ ਦੀ ਸ਼ਾਨਦਾਰ ਗੇਂਦਬਾਜ਼ੀ ਕਰਕੇ ਲਈਆਂ ਚਾਰ ਵਿਕਟਾਂ ਅਤੇ ਸੋਫੀਆ ਡੰਕਲੇ (61) ਦੀ ਅਜੇਤੂ ਅਰਧ ਸੈਂਕੜੇ ਦੀ ਬਦੌਲਤ ਪਹਿਲੇ ਟੀ-20 ਮੈਚ ‘ਚ ਇੰਡੀਆ ਨੂੰ ਨੌਂ ਵਿਕਟਾਂ ਨਾਲ ਹਰਾਇਆ। ਇੰਡੀਆ ਨੇ ਇੰਗਲੈਂਡ ਨੂੰ 133 ਦੌੜਾਂ ਦਾ ਟੀਚਾ ਦਿੱਤਾ ਸੀ ਜਿਸ ਨੂੰ ਉਸ ਨੇ 13 ਓਵਰਾਂ ‘ਚ ਹਾਸਲ ਕਰ ਲਿਆ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਮ੍ਰਿਤੀ ਮੰਧਾਨਾ ਨੇ ਇੰਡੀਆ ਨੂੰ ਚੰਗੀ ਸ਼ੁਰੂਆਤ ਦਿਵਾਈ ਪਰ 20 ਗੇਂਦਾਂ ‘ਤੇ 23 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਈ। ਕਪਤਾਨ ਹਰਮਨਪ੍ਰੀਤ ਨੇ 20 (15) ਦੌੜਾਂ, ਰਿਚਾ ਘੋਸ਼ ਨੇ 16 (12) ਦੌੜਾਂ ਅਤੇ ਦੀਪਤੀ ਸ਼ਰਮਾ ਨੇ 29 (24) ਦੌੜਾਂ ਬਣਾ ਕੇ ਇੰਡੀਆ ਨੂੰ 20 ਓਵਰਾਂ ‘ਚ 132/7 ਦੇ ਸਕੋਰ ਤੱਕ ਪਹੁੰਚਾਇਆ। 133 ਦੌੜਾਂ ਦੇ ਟੀਚੇ ਦਾ ਬਚਾਅ ਕਰਦਿਆਂ ਇੰਡੀਆ ਦੀ ਗੇਂਦਬਾਜ਼ੀ ਚੰਗੀ ਨਹੀਂ ਰਹੀ। ਡੰਕਲੇ ਨੇ ਪਹਿਲੀ ਵਿਕਟ ਲਈ ਡੇਨੀਅਲ ਵਾਇਟ ਦੇ ਨਾਲ 60 ਦੌੜਾਂ ਦੀ ਸਾਂਝੇਦਾਰੀ ਕੀਤੀ, ਜਦੋਂਕਿ ਉਸ ਨੇ ਦੂਜੀ ਵਿਕਟ ਲਈ ਐਲਿਸ ਕੈਪਸੀ ਨਾਲ 74 ਦੌੜਾਂ ਦੀ ਸਾਂਝੇਦਾਰੀ ਕੀਤੀ। ਵਾਇਟ ਨੇ 16 ਗੇਂਦਾਂ ‘ਤੇ ਤਿੰਨ ਚੌਕਿਆਂ ਦੀ ਮਦਦ ਨਾਲ 24 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਡੰਕਲੇ ਨੇ 44 ਗੇਂਦਾਂ ‘ਤੇ ਅੱਠ ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ ਸਭ ਤੋਂ ਵੱਧ 61 ਦੌੜਾਂ ਬਣਾਈਆਂ ਜਿਸ ‘ਚ ਇੰਗਲੈਂਡ ਨੂੰ ਜਿੱਤ ਦਿਵਾਈ। ਇੰਡੀਆ ਲਈ ਸਨੇਹ ਰਾਣਾ ਨੇ ਇਕਲੌਤਾ ਵਿਕਟ ਲਿਆ। ਇਸ ਜਿੱਤ ਨਾਲ ਇੰਗਲੈਂਡ ਨੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ‘ਚ 1-0 ਦੀ ਬੜ੍ਹਤ ਬਣਾ ਲਈ ਹੈ। ਸੀਰੀਜ਼ ਦਾ ਦੂਜਾ ਮੈਚ ਮੰਗਲਵਾਰ 13 ਸਤੰਬਰ ਨੂੰ ਡਰਬੀ ‘ਚ ਖੇਡਿਆ ਜਾਵੇਗਾ ਜਿਸ ਨੂੰ ਜਿੱਤਣ ਲਈ ਹੁਣ ਇੰਡੀਆ ਦੀ ਮਹਿਲਾ ਕ੍ਰਿਕਟ ਟੀਮ ‘ਤੇ ਦਬਾਅ ਹੋਵੇਗਾ।