ਇੰਡੀਆ ਦੀ ਮਹਿਲਾ ਟੀਮ ਅਤੇ ਪਾਕਿਸਤਾਨੀ ਮਹਿਲਾ ਟੀਮਾ ਦਰਮਿਆਨ ਕਾਮਨਵੈਲਥ ਗੇਮਜ਼ 2022 ਦੇ ਤਹਿਤ ਗਰੁੱਪ ਏ ਦਾ 5ਵਾਂ ਮੈਚ ਬਰਮਿੰਘਮ ਦੇ ਐਜਬੈਸਟਨ ’ਚ ਖੇਡਿਆ ਗਿਆ। ਮੈਚ ’ਚ ਇੰਡੀਆ ਨੇ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਮੀਂਹ ਕਾਰਨ ਟਾਸ ਦੇਰੀ ਨਾਲ ਹੋਈ। ਇਸ ਕਾਰਨ ਇਹ ਮੈਚ 20-20 ਓਵਰਾਂ ਦੀ ਬਜਾਏ 18-18 ਓਵਰਾਂ ਦਾ ਕਰ ਦਿੱਤਾ ਗਿਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਪਾਕਿਸਤਾਨ ਦੀ ਮਹਿਲਾ ਕ੍ਰਿਕਟ ਟੀਮ ਨੇ ਨਿਰਧਾਰਤ 18 ਓਵਰਾਂ ’ਚ 10 ਵਿਕਟਾਂ ਦੇ ਨੁਕਸਾਨ ’ਤੇ 99 ਦੌਡ਼ਾਂ ਬਣਾਈਆਂ। ਇਸ ਤਰ੍ਹਾਂ ਪਾਕਿਸਤਾਨ ਨੇ ਇੰਡੀਆ ਨੂੰ 100 ਦੌਡ਼ਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਇੰਡੀਆ ਨੇ 11.4 ਓਵਰਾਂ ’ਚ ਦੋ ਵਿਕਟਾਂ ਦੇ ਨੁਕਸਾਨ ’ਤੇ 102 ਦੌਡ਼ਾਂ ਬਣਾ ਕੇ ਅੱਠ ਵਿਕਟਾਂ ਨਾਲ ਮੈਚ ਜਿੱਤ ਲਿਆ। ਇੰਡੀਆ ਵੱਲੋਂ ਸਮ੍ਰਿਤੀ ਮੰਧਾਨਾ ਨੇ ਅਜੇਤੂ ਰਹਿੰਦੇ ਹੋਏ 8 ਚੌਕੇ ਤੇ 3 ਛੱਕਿਆਂ ਦੀ ਮਦਦ ਨਾਲ 63 ਦੌਡ਼ਾਂ ਦੀ ਤੂਫਾਨੀ ਪਾਰੀ ਖੇਡੀ। ਸ਼ੇਫਾਲੀ ਵਰਮਾ 16 ਦੌਡ਼ਾਂ ਤੇ ਮੇਘਨਾ 14 ਦੌਡ਼ ਬਣਾ ਆਊਟ ਹੋਈਆਂ। ਇੰਡੀਆ ਲਈ ਰੇਣੁਕਾ ਸਿੰਘ ਨੇ 1, ਮੇਘਨਾ ਸਿੰਘ ਨੇ 1, ਸਨੇਹ ਰਾਣਾ ਨੇ 2, ਸ਼ੇਫਾਲੀ ਵਰਮਾ ਨੇ 1 ਤੇ ਰਾਧਾ ਸਿੰਘ ਨੇ 2 ਵਿਕਟਾਂ ਲਈਆਂ।