ਕੈਨੇਡਾ ਦੇ ਹੈਲੀਫੈਕਸ ’ਚ ਇੰਡੀਆ ਦੀ ਪੂਜਾ ਓਝਾ ਨੇ 2022 ਆਈ.ਸੀ.ਐੱਫ. ਕੈਨੋ ਸਪ੍ਰਿੰਟ ਵਿਸ਼ਵ ਚੈਂਪੀਅਨਸ਼ਿਪ ’ਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਪੈਰਾ-ਕੈਨੋ ਵਿਸ਼ਵ ਚੈਂਪੀਅਨਸ਼ਿਪ ’ਚ ਇੰਡੀਆ ਦਾ ਇਹ ਪਹਿਲਾ ਤਗ਼ਮਾ ਹੈ। ਵੀ.ਐੱਲ. 1 ਮਹਿਲਾ 200 ਮੀਟਰ ਫਾਈਨਲ ’ਚ ਮੱਧ ਪ੍ਰਦੇਸ਼ ਦੇ ਭਿੰਡ ਦੀ ਪੈਰਾ-ਕੈਨੋ ਅਥਲੀਟ ਨੇ 1:34.18 ਦੇ ਸਮੇਂ ਨਾਲ ਦੂਜਾ ਸਥਾਨ ਹਾਸਲ ਕੀਤਾ। ਹੈਮਬਰਗ ਦੀ ਲਿਲੇਮੋਰ ਕੋਪਰ ਨੇ 1:29.79 ਦੇ ਸਮੇਂ ਨਾਲ ਸੋਨ ਤਗ਼ਮਾ ਜਿੱਤਿਆ। ਦੌਡ਼ ਦੇ ਪਹਿਲੇ ਹਾਫ ਤੋਂ ਬਾਅਦ ਪੂਜਾ ਓਝਾ ਅੱਗੇ ਚੱਲ ਰਹੀ ਸੀ ਪਰ ਫਿਰ ਲਿਲੇਮੋਰ ਕੋਪਰ ਨੇ ਪੂਜਾ ਨੂੰ ਪਛਾਡ਼ ਕੇ ਅੰਤ ’ਚ ਜਿੱਤ ਦਰਜ ਕੀਤੀ। ਇਸ ਦੌਡ਼ ’ਚ ਦੂਜੇ ਸਥਾਨ ਫਿਨਿਸ਼ ਲਾਈਨ ਤੱਕ ਸਖ਼ਤ ਮੁਕਾਬਲਾ ਹੋਇਆ। ਪੂਜਾ ਨੇ ਰਾਸ਼ਟਰੀ ਚੈਂਪੀਅਨਸ਼ਿਪ ’ਚ ਛੇ ਵਾਰ ਸੋਨ ਤਗ਼ਮੇ ਜਿੱਤੇ ਹਨ ਅਤੇ ਵਿਸ਼ਵ ਲਈ ਕੁਆਲੀਫਾਈ ਕਰਨ ਵਾਲੀ ਇੰਡੀਆ ਦੀ ਪਹਿਲੀ ਮਹਿਲਾ ਹੈ। ਉਹ ਪਿਛਲੇ ਸਾਲ ਪੈਰਾ ਓਲੰਪਿਕ ਲਈ ਕੁਆਲੀਫਾਇੰਗ ਚੈਂਪੀਅਨਸ਼ਿਪ ’ਚ ਛੇਵੇਂ ਸਥਾਨ ’ਤੇ ਸੀ ਅਤੇ ਵਰਤਮਾਨ ’ਚ ਦੁਨੀਆ ਦੇ ਚੋਟੀ ਦੇ ਪੈਰਾ ਕੈਨੋ ਖਿਡਾਰੀਆਂ ’ਚ ਨੌਵੇਂ ਸਥਾਨ ’ਤੇ ਹੈ। ਇਸ ਈਵੈਂਟ ਲਈ ਕੁਆਲੀਫਾਈ ਕਰਨ ਵਾਲੇ ਦੂਜੇ ਭਾਰਤੀ ਸੁਰਿੰਦਰ ਕੁਮਾਰ ਨੇ ਵੀ.ਐੱਲ. 1 ਪੁਰਸ਼ਾਂ ਦੇ 200 ਮੀਟਰ ’ਚ 1:22.97 ਦੇ ਸਮੇਂ ਨਾਲ 5/8 ਦਾ ਸਥਾਨ ਹਾਸਲ ਕੀਤਾ।