1983 ਵਰਲਡ ਕੱਪ ਜੇਤੂ ਕਪਤਾਨ ਅਤੇ ਆਪਣੇ ਦੌਰ ਦੇ ਸਭਾ ਤੋਂ ਵਧੀਆ ਹਰਫਨਮੌਲਾ ਕ੍ਰਿਕਟਰ ਕਪਿਲ ਦੇਵ ਦਾ ਮੰਨਣਾ ਹੈ ਕਿ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਟੀਮ ਟੀ-20 ਵਿਸ਼ਵ ਕੱਪ 2022 ਦਾ ਖ਼ਿਤਾਬ ਜਿੱਤਣ ਦੀਆਂ ਦਾਅਵੇਦਾਰ ਟੀਮਾਂ ਵਿੱਚੋਂ ਇਕ ਹੈ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਇੰਡੀਆ ਦੇ ਸੈਮੀਫਾਈਨਲ ‘ਚ ਪਹੁੰਚਣ ਦੀ 30 ਫ਼ੀਸਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਟੀ-20 ਵਰਲਡ ਕੱਪ ‘ਚ ਟੀਮ ਦੀ ਸਫ਼ਲਤਾ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਟੀਮ ‘ਚ ਕਿੰਨੇ ਆਲਰਾਊਂਡਰ ਹਨ। ਕਪਿਲ ਨੇ ਕਿਹਾ, ‘ਟੀ-20 ਕ੍ਰਿਕਟ ‘ਚ ਕੋਈ ਵੀ ਟੀਮ ਇਕ ਮੈਚ ਜਿੱਤ ਸਕਦੀ ਹੈ ਅਤੇ ਫਿਰ ਅਗਲਾ ਮੈਚ ਹਾਰ ਸਕਦੀ ਹੈ। ਇੰਡੀਆ ਦੇ ਵਰਲਡ ਕੱਪ ਜਿੱਤਣ ਦੀਆਂ ਸੰਭਾਵਨਾਵਾਂ ਬਾਰੇ ਗੱਲ ਕਰਨਾ ਬਹੁਤ ਮੁਸ਼ਕਲ ਹੈ। ਮੁੱਦਾ ਇਹ ਹੈ ਕਿ ਕੀ ਟੀਮ ਇੰਡੀਆ ਆਖਰੀ ਚਾਰ ਟੀਮਾਂ ‘ਚ ਥਾਂ ਬਣਾ ਸਕਦੀ ਹੈ। ਅਤੇ ਮੈਂ ਅਜੇ ਵੀ ਚਿੰਤਤ ਹਾਂ ਕਿ ਟੀਮ ਟੌਪ-4 ‘ਚ ਆਵੇਗੀ ਜਾਂ ਨਹੀਂ। ਜੇਕਰ ਇਹ ਹੁੰਦਾ ਹੈ ਤਾਂ ਹੀ ਕੁਝ ਕਿਹਾ ਜਾ ਸਕਦਾ ਹੈ। ਮੇਰੇ ਲਈ, ਇੰਡੀਆ ਲਈ ਚੋਟੀ ਦੇ ਚਾਰ ‘ਚ ਆਉਣ ਦਾ ਇਹ ਸਿਰਫ 30 ਪ੍ਰਤੀਸ਼ਤ ਮੌਕਾ ਹੈ।’ ਇਸ ਤੋਂ ਇਲਾਵਾ ਕਪਿਲ ਨੇ ਕਿਹਾ, ‘ਤੁਸੀਂ ਇਕ ਆਲਰਾਊਂਡਰ ਤੋਂ ਇਲਾਵਾ ਟੀਮ ‘ਚ ਹੋਰ ਕੀ ਚਾਹੁੰਦੇ ਹੋ ਜੋ ਨਾ ਸਿਰਫ ਵਿਸ਼ਵ ਕੱਪ ‘ਚ ਸਗੋਂ ਹੋਰ ਸਾਰੇ ਮੈਚਾਂ ਜਾਂ ਈਵੈਂਟਾਂ ‘ਚ ਟੀਮ ਲਈ ਮੈਚ ਜਿੱਤ ਸਕੇ। ਹਾਰਦਿਕ ਪਾਂਡਿਆ ਵਰਗਾ ਕ੍ਰਿਕਟਰ ਇੰਡੀਆ ਲਈ ਕਾਫੀ ਫਾਇਦੇਮੰਦ ਰਿਹਾ ਹੈ। ਹਰਫਨਮੌਲਾ ਕਿਸੇ ਵੀ ਟੀਮ ਲਈ ਮੁੱਖ ਖਿਡਾਰੀ ਹੁੰਦੇ ਹਨ ਅਤੇ ਉਹ ਟੀਮ ਦੀ ਤਾਕਤ ਬਣਦੇ ਹਨ। ਹਾਰਦਿਕ ਪਾਂਡਿਆ ਵਰਗਾ ਹਰਫ਼ਨਮੌਲਾ ਰੋਹਿਤ ਨੂੰ ਮੈਚ ‘ਚ ਛੇਵੇਂ ਗੇਂਦਬਾਜ਼ ਦੀ ਵਰਤੋਂ ਕਰਨ ਦੀ ਆਜ਼ਾਦੀ ਦਿੰਦਾ ਹੈ। ਉਹ ਇਕ ਚੰਗਾ ਬੱਲੇਬਾਜ਼, ਗੇਂਦਬਾਜ਼ ਅਤੇ ਫੀਲਡਰ ਵੀ ਹੈ। ਰਵਿੰਦਰ ਜਡੇਜਾ ਵੀ ਇੰਡੀਆ ਲਈ ਸ਼ਾਨਦਾਰ ਆਲਰਾਊਂਡਰ ਹੈ।