ਇੰਡੀਆ ਦੀ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਆਸਟਰੇਲੀਆ ਖ਼ਿਲਾਫ਼ ਦੂਜੇ ਟੀ-20 ਅੰਤਰਰਾਸ਼ਟਰੀ ਮੈਚ ‘ਚ ਇਕ ਵੱਡਾ ਰਿਕਾਰਡ ਬਣਾਇਆ। ਇੰਡੀਆ ਦੀ 4 ਦੌੜਾਂ ਨਾਲ ਜਿੱਤ ਤੋਂ ਬਾਅਦ ਹਰਮਨਪ੍ਰੀਤ ਕੌਰ ਟੀ-20 ਅੰਤਰਰਾਸ਼ਟਰੀ ਮੈਚਾਂ ‘ਚ 50 ਜਿੱਤਾਂ ਦਰਜ ਕਰਨ ਵਾਲੀ ਪਹਿਲੀ ਭਾਰਤੀ ਕਪਤਾਨ ਬਣ ਗਈ ਹੈ। ਇਸ ਮੁਕਾਮ ਤੱਕ ਪਹੁੰਚਣ ਲਈ ਉਸਨੇ 85 ਟੀ-20 ਅੰਤਰਰਾਸ਼ਟਰੀ ਮੈਚਾਂ ‘ਚ 61.59 ਦੀ ਜਿੱਤ ਪ੍ਰਤੀਸ਼ਤਤਾ ਨਾਲ ਇੰਡੀਆ ਦੀ ਅਗਵਾਈ ਕੀਤੀ ਹੈ। ਮਹਾਨ ਵਿਕਟਕੀਪਰ ਬੱਲੇਬਾਜ਼ ਅਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਵਿਰਾਟ ਕੋਹਲੀ ਵੀ ਇਸ ਅੰਕੜੇ ਤੱਕ ਪਹੁੰਚਣ ‘ਚ ਨਾਕਾਮ ਰਹੇ ਹਨ। ਇਸ ਦੇ ਨਾਲ ਹੀ ਮੌਜੂਦਾ ਕਪਤਾਨ ਰੋਹਿਤ ਸ਼ਰਮਾ ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੈਟ ‘ਚ 50 ਜਿੱਤਾਂ ਤੋਂ ਅਜੇ ਦੂਰ ਹੈ। ਧੋਨੀ ਨੇ 72 ਟੀ-20 ਅੰਤਰਰਾਸ਼ਟਰੀ ਮੈਚਾਂ ‘ਚ ਮੇਨ ਇਨ ਬਲੂ ਦੀ ਅਗਵਾਈ ਕੀਤੀ ਹੈ ਤੇ 41 ਮੈਚ ਜਿੱਤੇ ਹਨ ਜਦੋਂ ਕਿ ਕੋਹਲੀ ਨੇ 50 ਮੈਚਾਂ ‘ਚ ਇੰਡੀਆ ਦੀ ਕਪਤਾਨੀ ਕੀਤੀ ਅਤੇ ਟੀਮ ਨੂੰ 30 ਜਿੱਤਾਂ (ਜਿੱਤ ਦੀ ਪ੍ਰਤੀਸ਼ਤਤਾ 64.58) ਦਿਵਾਈ। ਰੋਹਿਤ ਨੇ ਹੁਣ ਤੱਕ 51 ਮੈਚਾਂ ‘ਚ ਕਪਤਾਨੀ ਕੀਤੀ ਹੈ ਅਤੇ ਉਪ ਮਹਾਦੀਪ ਦੀ ਟੀਮ ਨੇ 39 ਜਿੱਤਾਂ (ਜਿੱਤ ਦੀ ਪ੍ਰਤੀਸ਼ਤਤਾ 76.47) ਦਰਜ ਕੀਤੀਆਂ ਹਨ ।