ਡੀ.ਵਾਈ. ਚੰਦਰਚੂੜ ਦੇ ਨਾਂ ਦੀ ਇੰਡੀਆ ਦੇ ਅਗਲੇ ਚੀਫ ਜਸਟਿਸ ਵਜੋਂ ਸਿਫਾਰਸ਼ ਕੀਤੀ ਗਈ। ਇਹ ਸਿਫਾਰਸ਼ ਵਰਤਮਾਨ ਚੀਫ ਜਸਟਿਸ ਉਦੈ ਉਮੇਸ਼ ਲਲਿਤ ਨੇ ਕੇਂਦਰ ਸਰਕਾਰ ਨੂੰ ਆਪਣੇ ਜਾਨਸ਼ੀਨ ਵਜੋਂ ਕੀਤੀ ਹੈ। ਜਸਟਿਸ ਚੰਦਰਚੂੜ ਨੇ ਆਪਣੀ ਐੱਲ.ਐੱਲ.ਬੀ. ਕੈਂਪਸ ਲਾਅ ਸੈਂਟਰ ਦਿੱਲੀ ਯੂਨੀਵਰਸਿਟੀ ਤੋਂ ਕੀਤੀ ਸੀ। ਐੱਲ.ਐੱਲ.ਐੱਮ. ਦੀ ਡਿਗਰੀ ਤੇ ਜੁਡੀਸ਼ਲ ਸਾਇੰਸ ‘ਚ ਡਾਕਟਰੇਟ ਅਮਰੀਕਾ ਦੇ ਹਾਰਵਰਡ ਲਾਅ ਸਕੂਲ ਤੋਂ ਕੀਤੀ। ਉਹ ਕਈ ਸੰਵਿਧਾਨਕ ਬੈਂਚਾਂ ਅਤੇ ਸਿਖਰਲੀ ਕੋਰਟ ਦੇ ਕਈ ਇਤਿਹਾਸਕ ਫੈਸਲਿਆਂ, ਜਿਨ੍ਹਾਂ ‘ਚ ਅਯੁੱਧਿਆ ਜ਼ਮੀਨ ਵਿਵਾਦ, ਨਿੱਜਤਾ ਦਾ ਅਧਿਕਾਰ ਤੇ ਨਜਾਇਜ਼ ਸਬੰਧ ਆਦਿ ਸ਼ਾਮਲ ਹਨ, ਦਾ ਹਿੱਸਾ ਰਹੇ ਹਨ। ਜਸਟਿਸ ਲਲਿਤ ਨੇ ਸਿਫਾਰਸ਼ ਵਾਲਾ ਪੱਤਰ ਜਸਟਿਸ ਚੰਦਰਚੂੜ ਨੂੰ ਸੌਂਪ ਦਿੱਤਾ। ਸਰਕਾਰ ਵੱਲੋਂ ਸੀ.ਜੇ.ਆਈ. ਦੀ ਸਿਫਾਰਸ਼ ਮੰਨੇ ਜਾਣ ‘ਤੇ ਜਸਟਿਸ ਚੰਦਰਚੂੜ 9 ਨਵੰਬਰ ਨੂੰ ਦੇਸ਼ ਦੇ 50ਵੇਂ ਚੀਫ ਜਸਟਿਸ ਬਣ ਜਾਣਗੇ। ਜਸਟਿਸ ਚੰਦਰਚੂੜ, ਜਿਨ੍ਹਾਂ ਨੂੰ 13 ਮਈ 2016 ਨੂੰ ਸਿਖਰਲੀ ਕੋਰਟ ‘ਚ ਨਿਯੁਕਤ ਕੀਤਾ ਗਿਆ ਸੀ, ਦਾ ਸੀ.ਜੇ.ਆਈ. ਵਜੋਂ ਕਾਰਜਕਾਲ ਦੋ ਸਾਲ ਦਾ ਹੋਵੇਗਾ ਅਤੇ ਉਹ 10 ਨਵੰਬਰ 2024 ਨੂੰ ਅਹੁਦੇ ਤੋਂ ਸੇਵਾ ਮੁਕਤ ਹੋਣਗੇ। ਸੁਪਰੀਮ ਕੋਰਟ ਦੇ ਜੱਜ ਦੀ ਸੇਵਾਮੁਕਤੀ ਉਮਰ 65 ਸਾਲ ਹੈ। ਚੀਫ ਜਸਟਿਸ ਯੂ.ਯੂ. ਲਲਿਤ ਨੇ ਅਗਲੇ ਸੀ.ਜੇ.ਆਈ. ਦੀ ਨਿਯੁਕਤੀ ਦੇ ਅਮਲ ਨੂੰ ਸ਼ੁਰੂ ਕਰਦਿਆਂ ਆਪਣੀ ਸਿਫਾਰਸ਼ ਵਾਲਾ ਪੱਤਰ ਜਸਟਿਸ ਚੰਦਰਚੂੜ ਨੂੰ ਸੌਂਪ ਦਿੱਤਾ। ਜਸਟਿਸ ਚੰਦਰਚੂੜ ਦੇਸ਼ ਦੇ ਸਭ ਤੋਂ ਲੰਮਾ ਸਮਾਂ ਸੀ.ਜੇ.ਆਈ. ਰਹੇ ਜਸਟਿਸ ਵਾਈ.ਵੀ. ਚੰਦਰਚੂੜ ਦੇ ਪੁੱਤਰ ਹਨ ਜੋ 22 ਫਰਵਰੀ 1978 ਤੋਂ 11 ਜੁਲਾਈ 1985 ਤੱਕ ਸੁਪਰੀਮ ਕੋਰਟ ਦੇ ਚੀਫ ਜਸਟਿਸ ਰਹੇ ਰਹੇ ਸਨ। ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ 7 ਅਕਤੂਬਰ ਨੂੰ ਸੀ.ਜੇ.ਆਈ. ਲਲਿਤ, ਜੋ 8 ਨਵੰਬਰ ਨੂੰ ਸੇਵਾਮੁਕਤ ਹੋ ਰਹੇ ਹਨ, ਨੂੰ ਆਪਣਾ ਉੱਤਰਾਧਿਕਾਰੀ ਐਲਾਨੇ ਜਾਣ ਬਾਰੇ ਪੱਤਰ ਲਿਖਿਆ ਸੀ। ਸੀ.ਜੇ.ਆਈ. ਲਲਿਤ ਦਾ ਕਾਰਜਕਾਲ ਮਹਿਜ਼ 74 ਦਿਨਾਂ ਦਾ ਹੈ। ਜਸਟਿਸ ਚੰਦਰਚੂੜ ਦੇ ਨਾਂ ਦੀ ਸਿਫਾਰਸ਼ ਵਾਲਾ ਪੱਤਰ ਕੇਂਦਰੀ ਕਾਨੂੰਨ ਮੰਤਰੀ ਨੂੰ ਲਿਖਣ ਵਾਲੇ ਚੀਫ ਜਸਟਿਸ ਲਲਿਤ ਨੇ ਸੁਪਰੀਮ ਕੋਰਟ ਦੇ ਸਾਰੇ ਜੱਜਾਂ ਨੂੰ ਸਵੇਰੇ ਸਵਾ 10 ਵਜੇ ਜੱਜਾਂ ਦੀ ਲਾਊਂਜ ‘ਚ ਇਕੱਠੇ ਹੋਣ ਦੀ ਅਪੀਲ ਕੀਤੀ ਸੀ। ਇਸ ਮਗਰੋਂ ਚੀਫ ਜਸਟਿਸ ਨੇ ਸਾਰਿਆਂ ਦੇ ਸਾਹਮਣੇ ਜਸਟਿਸ ਚੰਦਰਚੂੜ ਨੂੰ ਆਪਣਾ ਜਾਨਸ਼ੀਨ ਮਨੋਨੀਤ ਕੀਤੇ ਜਾਣ ਸਬੰਧੀ ਪੱਤਰ ਸੌਂਪਿਆ। ਜਸਟਿਸ ਚੰਦਰਚੂੜ ਦੀ ਨਿਆਂਪਾਲਿਕਾ ਦੇ ਡਿਜੀਟਾਈਜ਼ੇਸ਼ਨ ‘ਚ ਅਹਿਮ ਭੂਮਿਕਾ ਰਹੀ ਹੈ। ਉਹ ਆਈ.ਪੀ.ਸੀ. ਦੀ ਧਾਰਾ 377 ਨੂੰ ਅੰਸ਼ਕ ਤੌਰ ‘ਤੇ ਰੱਦ ਕਰਨ ਮਗਰੋਂ ਸਮਲਿੰਗੀ ਸਬੰਧਾਂ ਨੂੰ ਅਪਰਾਧ ਦੀ ਸ਼੍ਰੇਣੀ ਵਿੱਚੋਂ ਬਾਹਰ ਕੱਢਣ, ਅਧਾਰ ਸਕੀਮ ਦੀ ਪ੍ਰਮਾਣਿਕਤਾ ਤੇ ਸ਼ਬਰੀਮਾਲਾ ਮੁੱਦੇ ਜਿਹੇ ਇਤਿਹਾਸਕ ਫੈਸਲੇ ਦੇਣ ਵਾਲੇ ਬੈਂਚ ‘ਚ ਵੀ ਸ਼ਾਮਲ ਰਹੇ ਹਨ। ਉਨ੍ਹਾਂ ਦੀ ਅਗਵਾਈ ਵਾਲੇ ਬੈਂਚ ਨੇ ਹੀ ਮੈਡੀਕਲ ਟਰਮੀਨੇਸ਼ਨ ਆਫ਼ ਪ੍ਰੈਗਨੈਂਸੀ ਐਕਟ ਦਾ ਘੇਰਾ ਵਧਾਉਣ ਦਾ ਫੈਸਲਾ ਸੁਣਾਇਆ ਸੀ। ਜਸਟਿਸ ਚੰਦਰਚੂੜ ਸਿਖਰਲੀ ਕੋਰਟ ਦੇ ਉਨ੍ਹਾਂ ਦੋ ਜੱਜਾਂ ‘ਚ ਵੀ ਸ਼ਾਮਲ ਸਨ ਜਿਨ੍ਹਾਂ ਨੇ ਸੁਪਰੀਮ ਕੋਰਟ ‘ਚ ਜੱਜਾਂ ਦੀ ਨਿਯੁਕਤੀ ਲਈ ਸੀ.ਜੇ.ਆਈ. ਵੱਲੋਂ ਲਿਖਤੀ ਸਹਿਮਤੀ ਮੰਗੇ ਜਾਣ ਦੇ ਢੰਗ ਤਰੀਕੇ ਦਾ ਵਿਰੋਧ ਕੀਤਾ ਸੀ। ਜਸਟਿਸ ਚੰਦਰਚੂੜ 29 ਮਾਰਚ 2000 ਨੂੰ ਬੰਬੇ ਹਾਈ ਕੋਰਟ ਦੇ ਜੱਜ ਬਣੇ ਸਨ। 31 ਮਾਰਚ 2013 ਨੂੰ ਉਨ੍ਹਾਂ ਨੂੰ ਅਲਾਹਾਬਾਦ ਹਾਈ ਕੋਰਟ ਦਾ ਚੀਫ ਜਸਟਿਸ ਨਿਯੁਕਤ ਕੀਤਾ ਗਿਆ। ਇਸ ਤੋਂ ਪਹਿਲਾਂ ਜੂਨ 1998 ‘ਚ ਉਹ ਬੰਬੇ ਹਾਈ ਕੋਰਟ ਦੇ ਸੀਨੀਅਰ ਵਕੀਲ ਮਨੋਨੀਤ ਹੋਏ ਸਨ ਤੇ ਉਸੇ ਸਾਲ ਐਡੀਸ਼ਨਲ ਸੌਲੀਸਿਟਰ ਜਨਰਲ ਬਣ ਗਏ। ਉਨ੍ਹਾਂ ਸੁਪਰੀਮ ਕੋਰਟ ਤੇ ਬੰਬੇ ਹਾਈ ਕੋਰਟ ‘ਚ ਲਾਅ ਦੀ ਪ੍ਰੈਕਟਿਸ ਵੀ ਕੀਤੀ। ਉਹ ਮੁੰਬਈ ਯੂਨੀਵਰਸਿਟੀ ‘ਚ ਕੰਪੈਰੇਟਿਵ ਸੰਵਿਧਾਨਕ ਕਾਨੂੰਨ ਦੇ ਵਿਜ਼ਿਟਿੰਗ ਪ੍ਰੋਫੈਸਰ ਵੀ ਰਹੇ।