ਇੰਡੀਆ ਤੇ ਬੰਗਲਾਦੇਸ਼ ਦਰਮਿਆਨ 3 ਮੈਚਾਂ ਦੀ ਵਨਡੇ ਸੀਰੀਜ਼ ਦਾ ਦੂਜਾ ਮੈਚ ਢਾਕਾ ਦੇ ਸ਼ੇਰ-ਏ-ਬੰਗਲਾ ਨੈਸ਼ਨਲ ਸਟੇਡੀਅਮ ‘ਚ ਖੇਡਿਆ ਗਿਆ ਜਿਸ ‘ਚ ਬੰਗਲਾਦੇਸ਼ ਨੇ ਇੰਡੀਆ ਨੂੰ 5 ਦੌੜਾਂ ਨਾਲ ਹਰਾ ਦਿੱਤਾ ਹੈ। ਬੰਗਲਾਦੇਸ਼ ਦੇ ਕਪਤਾਨ ਲਿਟਨ ਦਾਸ ਨੇ ਇੰਡੀਆ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ‘ਚ 7 ਵਿਕਟਾਂ ਦੇ ਨੁਕਸਾਨ ਨਾਲ 271 ਦੌੜਾਂ ਬਣਾਈਆਂ। ਇਸ ਤਰ੍ਹਾਂ ਬੰਗਲਾਦੇਸ਼ ਨੇ ਇੰਡੀਆ ਨੂੰ ਜਿੱਤ ਲਈ 272 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ ਵਲੋਂ ਸ਼੍ਰੇਅਸ ਅਈਅਰ ਤੇ ਅਕਸ਼ਰ ਪਟੇਲ ਦੇ ਅਰਧ ਸੈਂਕੜਿਆਂ ਅਤੇ ਸੱਟ ਦਾ ਸ਼ਿਕਾਰ ਹੋਏ ਰੋਹਿਤ ਸ਼ਰਮਾ ਦੀ ਆਖਰੀ ਓਵਰਾਂ ‘ਚ 51 ਦੌੜਾਂ ਦੀ ਸ਼ਾਨਦਾਰ ਪਾਰੀ ਵੀ ਇੰਡੀਆ ਨੂੰ ਜਿੱਤ ਨਾਲ ਦਿਵਾ ਸਕੀ। ਇੰਡੀਆ ਨੇ 50 ਓਵਰਾਂ ‘ਚ 9 ਵਿਕਟਾਂ ਗੁਆ ਕੇ 266 ਬਣਾਈਆ ਤੇ 5 ਦੌੜਾਂ ਨਾਲ ਮੈਚ ਹਾਰ ਗਈ। ਇਸ ਤਰ੍ਹਾਂ ਇੰਡੀਆ ਨੇ ਬੰਗਲਾਦੇਸ਼ ਖ਼ਿਲਾਫ਼ ਤਿੰਨ ਵਨ-ਡੇ ਮੈਚਾਂ ਦੀ ਸੀਰੀਜ਼ 0-2 ਨਾਲ ਗੁਆ ਲਈ ਹੈ। ਬੰਗਲਾਦੇਸ਼ ਵਲੋਂ ਮੇਹਿਦੀ ਹਸਨ ਮਿਰਾਜ਼ ਸ਼ਾਨਦਾਰ ਸੈਂਕੜਾ (100 ਦੌੜਾਂ) ਲਗਾ ਕੇ ਅਜੇਤੂ ਰਹੇ। ਮਹਿਮੁਦੁਲ੍ਹਾ ਨੇ 77 ਦੌੜਾਂ ਦਾ ਯੋਗਦਾਨ ਦਿੱਤਾ। ਉਨ੍ਹਾਂ ਦੋਵਾਂ ਬੱਲੇਬਾਜ਼ਾਂ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ। ਇੰਡੀਆ ਵਲੋਂ ਮੁਹੰਮਦ ਸਿਰਾਜ ਨੇ 2, ਉਮਰਾਨ ਮਲਿਕ ਨੇ 2 ਤੇ ਵਾਸ਼ਿੰਗਟਨ ਸੁੰਦਰ ਨੇ 3 ਵਿਕਟਾਂ ਲਈਆਂ। ਟੀਚੇ ਦਾ ਪਿੱਛਾ ਕਰਦੇ ਹੋਏ ਇੰਡੀਆਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਵਿਰਾਟ ਕੋਹਲੀ ਸਿਰਫ 5 ਦੌੜਾਂ ਦੇ ਨਿੱਜੀ ਸਕੋਰ ‘ਤੇ ਇਬਾਦਤ ਹੁਸੈਨ ਵਲੋਂ ਬੋਲਡ ਹੋ ਕੇ ਆਊਟ ਹੋ ਗਏ। ਇੰਡੀਆ ਦੀ ਦੂਜੀ ਵਿਕਟ ਸ਼ਿਖਰ ਧਵਨ ਦੇ ਤੌਰ ‘ਤੇ ਡਿੱਗੀ। ਧਵਨ 8 ਦੌੜਾਂ ਦੇ ਨਿੱਜੀ ਸਕੋਰ ‘ਤੇ ਮੁਸਤਫਿਜੁਰ ਦਾ ਸ਼ਿਕਾਰ ਬਣਿਆ ਤੇ ਪਵੇਲੀਅਨ ਪਰਤ ਗਿਆ। ਇੰਡੀਆ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਵਾਸ਼ਿੰਗਟਨ ਸੁੰਦਰ 11 ਦੌੜਾਂ ਦੇ ਨਿੱਜੀ ਸਕੋਰ ‘ਤੇ ਸ਼ਾਕਿਬ ਵਲੋਂ ਆਊਟ ਹੋ ਗਿਆ। ਇੰਡੀਆ ਦੀ ਚੌਥੀ ਵਿਕਟ ਕੇ.ਐੱਲ. ਰਾਹੁਲ ਦੇ ਤੌਰ ”ਤੇ ਡਿੱਗੀ। ਰਾਹੁਲ 14 ਦੌੜਾਂ ਦੇ ਨਿੱਜੀ ਸਕੋਰ ‘ਤੇ ਮੇਹਦੀ ਹਸਨ ਦਾ ਸ਼ਿਕਾਰ ਹੋਇਆ। ਇੰਡੀਆ ਦੀ ਪੰਜਵੀਂ ਵਿਕਟ ਸ਼੍ਰੇਅਸ ਅਈਅਰ ਦੇ ਤੌਰ ‘ਤੇ ਡਿਗੀ। ਸ਼੍ਰੇਅਸ 82 ਦੌੜਾਂ ਦੇ ਨਿੱਜੀ ਸਕੋਰ ‘ਤੇ ਮੇਹਦੀ ਹਸਨ ਦਾ ਸ਼ਿਕਾਰ ਬਣੇ। ਸ਼੍ਰੇਅਸ ਨੇ ਆਪਣੀ ਪਾਰੀ ਦੇ ਦੌਰਾਨ 6 ਚੌਕੇ ਤੇ 3 ਛੱਕੇ ਲਗਾਏ।