ਇਮੀਗ੍ਰੇਸ਼ਨ ਰਫਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਦੇ ਅੰਕੜਿਆਂ ਮੁਤਾਬਿਕ ਇੰਡੀਆ ਤੋਂ ਸਟੱਡੀ ਵੀਜ਼ਾ ਬਿਨੈਕਾਰਾਂ ਲਈ ਕੈਨੇਡਾ ਬਣਿਆ ਸਭ ਤੋਂ ਵੱਡੀ ਤਰਜੀਹ ਹੈ। ਅੰਕੜਿਆਂ ਅਨੁਸਾਰ 2015 ਤੋਂ 2021 ਤੱਕ ਕੈਨੇਡਾ ਨੂੰ ਦੁਨੀਆ ਭਰ ਤੋਂ ਕੁੱਲ 23,74,030 ਸਟੱਡੀ ਵੀਜ਼ਾ ਅਰਜ਼ੀਆਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿੱਚੋਂ ਇਕ ਤਿਹਾਈ ਤੋਂ ਵੱਧ ਸਿਰਫ ਇੰਡੀਆ ਤੋਂ ਸਨ। ਇਸ ਸਮੇਂ ਦੌਰਾਨ 8,93,849 (37.65%) ਭਾਰਤੀ ਨਾਗਰਿਕਾਂ ਨੇ ਕੈਨੇਡਾ ਦੇ ਸਟੱਡੀ ਵੀਜ਼ੇ ਲਈ ਅਪਲਾਈ ਕੀਤਾ ਹੈ। ਪਿਛਲੇ ਕੁਝ ਸਾਲਾਂ ‘ਚ ਕੈਨੇਡਾ ਨੂੰ ਪ੍ਰਾਪਤ ਹੋਣ ਵਾਲੀਆਂ ਸਟੱਡੀ ਵੀਜ਼ਾ ਅਰਜ਼ੀਆਂ ‘ਚ ਵਾਧਾ ਹੋਇਆ ਹੈ ਅਤੇ ਇਸਦੇ ਨਾਲ ਇੰਡੀਆ ਤੋਂ ਸਟੱਡੀ ਵੀਜ਼ੇ ਦੀਆਂ ਅਰਜ਼ੀਆਂ ਵਧੀਆਂ ਹਨ। 2015 ‘ਚ 38,432 ਇੰਡੀਆ ਤੋਂ ਬਿਨੈਕਾਰਾਂ ਨੇ ਕੈਨੇਡਾ ‘ਚ ਪੜ੍ਹਨ ਲਈ ਅਪਲਾਈ ਕੀਤਾ ਅਤੇ 2021 ‘ਚ ਇਹ ਗਿਣਤੀ ਵੱਧ ਕੇ ‘ਤੇ 2,34,112 ਹੋ ਗਈ ਸੀ, ਜਿਸ ‘ਚ ਵੀ ਵੱਡਾ ਵਾਧਾ ਹੋਇਆ ਹੈ। ਇੰਡੀਆ ਤੋਂ ਰਿਜੈਕਸ਼ਨ ਰੇਟ ਦਾ ਰੌਲਾ ਵੀ ਚੱਲ ਰਿਹਾ ਹੈ। ਇਸ ਸਮੇਂ ਬਹੁਤ ਸਾਰੇ ਵਿਦਿਆਰਥੀਆਂ ‘ਚ ਇਹ ਚਰਚਾ ਚੱਲ ਰਹੀ ਹੈ ਕਿ ਕੈਨੇਡਾ ਵੱਲੋਂ ਇੰਡੀਆ ਤੋਂ ਅਰਜ਼ੀਆਂ ਵੱਡੀ ਪੱਧਰ ‘ਤੇ ਰੱਦ ਕੀਤੀਆਂ ਜਾ ਰਹੀਆਂ ਹਨ ਪਰ ਅੰਕੜੇ ਕੁਝ ਹੋਰ ਕਹਾਣੀ ਬਿਆਨ ਕਰਦੇ ਹਨ। 2022 ਦੌਰਾਨ ਇਮੀਗ੍ਰੇਸ਼ਨ ਵਿਭਾਗ ਨੂੰ 30 ਜੂਨ 2022 ਤੱਕ 3,59,357 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਨ੍ਹਾਂ ਵਿੱਚੋਂ 1,25,377 ਅਰਜ਼ੀਆਂ ਨੂੰ ਰਿਜੈਕਟ ਦਿੱਤਾ ਗਿਆ ਹੈ ਜਦੋਂ ਕਿ 1,16,420 ਨੂੰ ਸਵੀਕਾਰ ਕੀਤਾ ਗਿਆ ਹੈ। ਇਕ ਲੱਖ ਤੋਂ ਵੱਧ ਅਰਜ਼ੀਆਂ ਪ੍ਰੋਸੈਸਿੰਗ ਅਧੀਨ ਹਨ। 2022 ਦੇ ਇਸ ਸਮੇਂ ਦੌਰਾਨ ਇੰਡੀਆ ਤੋਂ 1,61,338 ਅਰਜ਼ੀਆਂ ਆਈਆਂ ਜਿੰਨ੍ਹਾਂ ‘ਚੋਂ 62,720 ਨੂੰ ਰਿਜੈਕਟ ਕਰ ਦਿੱਤਾ ਗਿਆ ਅਤੇ 56,156 ਵੀਜ਼ੇ ਦਿੱਤੇ ਜਾ ਚੁੱਕੇ ਹਨ। ਇੰਡੀਆ ਤੋਂ 40 ਹਜ਼ਾਰ ਤੋਂ ਵਧੇਰੇ ਅਰਜ਼ੀਆਂ ਪ੍ਰੋਸੈਸਿੰਗ ਅਧੀਨ ਹਨ। ਜੇਕਰ ਸਿਰਫ਼ ਪ੍ਰੋਸੈਸ ਹੋ ਚੁੱਕੀਆਂ ਅਰਜ਼ੀਆਂ ‘ਤੇ ਨਜ਼ਰ ਮਾਰੀ ਜਾਵੇ ਤਾਂ ਕੈਨੇਡਾ ਵੱਲੋਂ 2022 ਦੌਰਾਨ ਕੁੱਲ ਪ੍ਰੋਸੈਸ ਹੋ ਚੁੱਕੀਆਂ ਅਰਜ਼ੀਆਂ ‘ਚੋਂ 48.14 ਫ਼ੀਸਦੀ ਵਿਦਿਆਰਥੀਆਂ ਨੂੰ ਵੀਜ਼ੇ ਜਾਰੀ ਕੀਤੇ ਗਏ।