ਇੰਡੀਆ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਜਸ਼ਨਾਂ ਦੇ ਚੱਲਦਿਆਂ ਸਰਕਾਰ 75 ਰੋਜ਼ਾ ਇਕ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਇਸ ਮੁਹਿੰਮ ਤਹਿਤ 15 ਜੁਲਾਈ ਤੋਂ 18 ਤੋਂ 59 ਸਾਲ ਉਮਰ ਵਰਗ ਦੇ ਲੋਕਾਂ ਨੂੰ ਕੋਵਿਡ ਵੈਕਸੀਨ ਦੀ ਬੂਸਟਰ ਡੋਜ਼ ਬਿਲਕੁਲ ਮੁਫ਼ਤ ਲੱਗੇਗੀ। ਸੂਤਰਾਂ ਨੇ ਕਿਹਾ ਕਿ ਸਰਕਾਰ ਦੀ ਇਸ ਪੇਸ਼ਕਦਮੀ ਦਾ ਮੁੱਖ ਮੰਤਵ ਕੋਵਿਡ ਦੀ ਬੂਸਟਰ ਖੁਰਾਕਾਂ ਲਵਾਉਣ ਦੇ ਅਮਲ ਨੂੰ ਹੁਲਾਰਾ ਦੇਣਾ ਹੈ। ਇਹ ਮੁਹਿੰਮ ਸਰਕਾਰ ਦੇ ‘ਆਜ਼ਾਦੀ ਕਾ ਅਮ੍ਰਿਤ ਮਹੋਤਸਵ’ ਪ੍ਰੋਗਰਾਮ ਦਾ ਹਿੱਸਾ ਹੈ। ਕਾਬਿਲੇਗੌਰ ਹੈ ਕਿ 18-59 ਸਾਲ ਉਮਰ ਵਰਗ ਦੀ 77 ਕਰੋਡ਼ ਦੀ ਆਬਾਦੀ ਵਿੱਚੋਂ ਹੁਣ ਤੱਕ ਇਕ ਫ਼ੀਸਦ ਤੋਂ ਵੀ ਘੱਟ ਲੋਕਾਂ ਨੇ ਕੋਵਿਡ ਵੈਕਸੀਨ ਦੀ ਇਹਤਿਆਤੀ ਖੁਰਾਕ ਲਵਾਈ ਹੈ। ਅਧਿਕਾਰਤ ਸੂਤਰ ਨੇ ਕਿਹਾ ਕਿ 60 ਸਾਲ ਤੇ ਇਸ ਤੋਂ ਵੱਧ ਉਮਰ ਵਰਗ ਦੀ 16 ਕਰੋਡ਼ ਦੀ ਯੋਗ ਆਬਾਦੀ ਅਤੇ ਸਿਹਤ ਸੰਭਾਲ ਤੇ ਮੂਹਰਲੀ ਕਤਾਰ ਦੇ ਕਾਮਿਆਂ ਵਿੱਚੋਂ ਕਰੀਬ 26 ਫ਼ੀਸਦ ਨੇ ਹੀ ਇਹਤਿਆਤੀ ਖੁਰਾਕ ਲਈ ਹੈ। ਅਧਿਕਾਰੀ ਨੇ ਕਿਹਾ, ‘ਭਾਰਤੀ ਆਬਾਦੀ ਵਿੱਚੋਂ ਬਹੁਗਿਣਤੀ ਨੂੰ ਵੈਕਸੀਨ ਦੀ ਦੂਜੀ ਖੁਰਾਕ ਲਏ ਨੂੰ 9 ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ। ਭਾਰਤੀ ਮੈਡੀਕਲ ਖੋਜ ਕੌਂਸਲ ਤੇ ਹੋਰਨਾਂ ਕੌਮਾਂਤਰੀ ਖੋਜ ਸੰਸਥਾਵਾਂ ਵੱਲੋਂ ਕੀਤੇ ਅਧਿਐਨ ਮੁਤਾਬਕ ਦੋਵਾਂ ਖੁਰਾਕਾਂ ਨਾਲ ਮੁੱਢਲਾ ਟੀਕਾਕਰਨ ਕਰਵਾਉਣ ਮਗਰੋਂ ਛੇ ਮਹੀਨਿਆਂ ਅੰਦਰ ਸਰੀਰ ’ਚ ਐਂਟੀਬਾਡੀ ਦਾ ਪੱਧਰ ਘੱਟ ਜਾਂਦਾ ਹੈ। ਬੂਸਟਰ ਖੁਰਾਕ ਨਾਲ ਰੋਗਾਂ ਨਾਲ ਲਡ਼ਨ ਦੀ ਸ਼ਕਤੀ ਨੂੰ ਹੁਲਾਰਾ ਮਿਲਦਾ ਹੈ।’ ਅਧਿਕਾਰੀ ਨੇ ਕਿਹਾ, ‘ਸਰਕਾਰ ਨੇ ਇਸ ਲਈ 75 ਦਿਨਾਂ ਦੀ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਜਿਸ ਦੌਰਾਨ 18 ਤੋਂ 59 ਸਾਲ ਉਮਰ ਵਰਗ ਦੇ ਵਿਅਕਤੀ ਵਿਸ਼ੇਸ਼ ਨੂੰ 15 ਜੁਲਾਈ ਤੋਂ ਸਰਕਾਰੀ ਟੀਕਾਕਰਨ ਕੇਂਦਰਾਂ ’ਚ ਇਹਤਿਆਤੀ ਖੁਰਾਕ ਮੁਫ਼ਤ ਲਾਈ ਜਾਵੇਗੀ।’ ਕੇਂਦਰੀ ਸਿਹਤ ਮੰਤਰਾਲੇ ਨੇ ਪਿਛਲੇ ਹਫ਼ਤੇ ਕੋਵਿਡ-19 ਦੀ ਦੂਜੀ ਤੇ ਇਹਤਿਆਤੀ ਖੁਰਾਕ ਲਵਾਉਣ ਵਿਚਲੇ ਫਰਕ ਨੂੰ ਨੌਂ ਤੋਂ ਘਟਾ ਕੇ 6 ਮਹੀਨੇ ਕਰ ਦਿੱਤਾ ਸੀ।