ਇੰਡੀਆ ਵਿਚਲੇ ਅਮਰੀਕਨ ਮਿਸ਼ਨਾਂ ‘ਚ ਵੀਜ਼ਾ ਇੰਟਰਵਿਊ ਦੀ ਉਡੀਕ 1000 ਦਿਨਾਂ ਨੂੰ ਟੱਪਣ ਦਰਮਿਆਨ ਵ੍ਹਾਈਟ ਹਾਊਸ ਨੇ ਦਾਅਵਾ ਕੀਤਾ ਹੈ ਕਿ ਬਾਇਡਨ ਪ੍ਰਸ਼ਾਸਨ ਇੰਡੀਆ ‘ਚ ਵੀਜ਼ੇ ਜਾਰੀ ਕਰਨ ‘ਚ ਹੋ ਰਹੀ ਦੇਰੀ ਤੋਂ ਜਾਣੂ ਹੈ ਤੇ ਵੀਜ਼ਾ ਸੇਵਾਵਾਂ ਦੀ ਮੰਗ ਨੂੰ ਪੂਰਾ ਕਰਨ ਲਈ ਕੰਮ ਕਰ ਰਿਹਾ ਹੈ। ਕਾਬਿਲੇਗੌਰ ਹੈ ਕਿ ਇੰਡੀਆ, ਪਾਕਿਸਤਾਨ, ਬੰਗਲਾਦੇਸ਼ ਤੇ ਨੇਪਾਲ ਸਣੇ ਏਸ਼ੀਅਨ ਮੁਲਕਾਂ ਤੇ ਪ੍ਰਸ਼ਾਂਤ ਟਾਪੂਆਂ ਅਤੇ ਹੋਰਨਾਂ ਮੁਲਕਾਂ ਵਿਚਲੀਆਂ ਅਮਰੀਕਨ ਅੰਬੈਸੀਆਂ ਵੱਲੋਂ ਗੈਰ-ਪਰਵਾਸੀ ਵੀਜ਼ੇ, ਵਿਜ਼ਿਟਰ ਵੀਜ਼ਾ (ਬੀ1/ਬੀ2), ਵਿਦਿਆਰਥੀ ਵੀਜ਼ਾ (ਐੱਫ1/ਐੱਫ2) ਅਤੇ ਆਰਜ਼ੀ ਵਰਕਰ ਵੀਜ਼ਾ (ਐੱਚ, ਐੱਲ, ਓ, ਪੀ, ਕਿਊ) ਜਾਰੀ ਕਰਨ ‘ਚ ਬੇਲੋੜੀ ਦੇਰੀ ਕੀਤੀ ਜਾ ਰਹੀ ਹੈ। ਇਨ੍ਹਾਂ ਅੰਬੈਸੀਆਂ ‘ਚ ਅਰਜ਼ੀਆਂ ਦਾ ਅਸਧਾਰਨ ਬੈਕਲੌਗ ਹੈ। ਇੰਡੀਆ ਦੀ ਗੱਲ ਕਰੀਏ ਤਾਂ ਵੀਜ਼ਾ ਅਰਜ਼ੀਆਂ ਬਾਰੇ ਫੈਸਲੇ ਲਈ 1000 ਤੋਂ ਵੱਧ ਦਿਨਾਂ ਦੀ ਉਡੀਕ ਕਰਨੀ ਪੈ ਰਹੀ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੀਨ ਜੀਨ-ਪੀਅਰੇ ਨੇ ਪੱਤਰਕਾਰਾਂ ਨੂੰ ਦੱਸਿਆ, ‘ਮਹਾਮਾਰੀ ਤੇ ਸਟਾਫ਼ ਦੀ ਕਮੀ ਜਿਹੀਆਂ ਚੁਣੌਤੀਆਂ ਕਰਕੇ ਕੁਝ ਦੇਰੀ ਹੋਈ ਹੈ ਤੇ ਅਸੀਂ ਵੀਜ਼ਾ ਸੇਵਾਵਾਂ ਦੀ ਮੰਗ ਨੂੰ ਪੂਰਾ ਕਰਨ ਲਈ ਕੰਮ ਕਰ ਰਹੇ ਹਾਂ। ਅਸੀਂ ਵੀਜ਼ਾ ਇੰਟਰਵਿਊ ਦੀ ਉਡੀਕ ਲਈ ਲਗਦੇ ਸਮੇਂ ਨੂੰ ਸਫ਼ਲਤਾਪੂਰਵਕ ਘਟਾ ਰਹੇ ਹਾਂ। ਅਸੀਂ ਇਸ ਅਹਿਮ ਕੰਮ ਲਈ ਅਮਰੀਕੀ ਵਿਦੇਸ਼ ਸੇਵਾ ਦੇ ਅਮਲੇ ਨੂੰ ਦੁੱਗਣਾ ਕਰ ਦਿੱਤਾ ਹੈ।’ ਵਾਈਟ ਹਾਊਸ ਦੇ ਇਕ ਚੋਟੀ ਦੇ ਅਧਿਕਾਰੀ ਨੇ ਕਿਹਾ ਕਿ ਇੰਡੀਆ, ਜਿਸ ਦਾ ਆਪਣਾ ਵਿਲੱਖਣ ਰਣਨੀਤਕ ਕਿਰਦਾਰ ਹੈ, ਅਮਰੀਕਾ ਦਾ ਸਿਰਫ਼ ਭਾਈਵਾਲ ਨਹੀਂ ਹੋਵੇਗਾ, ਬਲਕਿ ਇਕ ਵੱਖਰੀ ਵੱਡੀ ਤਾਕਤ ਵਜੋਂ ਉੱਭਰੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦੋਵਾਂ ਮੁਲਕਾਂ ਦੇ ਸਬੰਧ ਪਿਛਲੇ 20 ਸਾਲਾਂ ‘ਚ ਜਿਸ ਤਰ੍ਹਾਂ ਤੇਜ਼ੀ ਨਾਲ ਮਜ਼ਬੂਤ ਤੇ ਗਹਿਰੇ ਹੋਏ ਹਨ, ਹੋਰ ਕੋਈ ਵੀ ਦੁਵੱਲਾ ਰਿਸ਼ਤਾ ਐਨਾ ਮਜ਼ਬੂਤ ਨਹੀਂ ਹੋਇਆ। ਵਾਈਟ ਹਾਊਸ ਦੇ ਏਸ਼ੀਆ ਕੋਆਰਡੀਨੇਟਰ ਕਰਟ ਕੈਂਪਬੈੱਲ ਨੇ ਇਥੇ ਸੁਰੱਖਿਆ ਫੋਰਮ ਦੀ ਇਕ ਮੀਟਿੰਗ ‘ਚ ਕਿਹਾ ਕਿ ਉਨ੍ਹਾਂ ਦੇ ਵਿਚਾਰ ‘ਚ ਇੰਡੀਆ 21ਵੀਂ ਸਦੀ ‘ਚ ਅਮਰੀਕਾ ਦਾ ਸਭ ਤੋਂ ਮਹੱਤਵਪੂਰਨ ਭਾਈਵਾਲ ਹੈ। ਉਨ੍ਹਾਂ ਵਾਸ਼ਿੰਗਟਨ ‘ਚ ਕਿਹਾ ਕਿ ਅਮਰੀਕਾ ਨੂੰ ਆਪਣੀ ਸਮਰੱਥਾ ਤੋਂ ਵੱਧ ਨਿਵੇਸ਼ ਦੀ ਲੋੜ ਹੈ ਤੇ ਲੋਕਾਂ ਵਿਚਾਲੇ ਰਾਬਤਾ ਹੋਰ ਮਜ਼ਬੂਤ ਕਰਨ ਤੇ ਤਕਨੀਕੀ ਅਤੇ ਹੋਰ ਮੁੱਦਿਆਂ ‘ਤੇ ਮਿਲ ਕੇ ਕੰਮ ਕਰਨ ਦੀ ਵੀ ਜ਼ਰੂਰਤ ਹੈ। ਕੈਂਪਬੈੱਲ ਨੇ ਕਿਹਾ ਕਿ, ‘ਇੰਡੀਆ ਇਕ ਆਜ਼ਾਦ ਤਾਕਤਵਰ ਦੇਸ਼ ਬਣਨ ਦੀ ਇੱਛਾ ਰੱਖਦਾ ਹੈ ਤੇ ਇਹ ਇਕ ਹੋਰ ਵੱਡੀ ਤਾਕਤ ਬਣੇਗਾ।’ ਅਮਰੀਕਨ ਅਧਿਕਾਰੀ ਨੇ ਕਿਹਾ ਕਿ ਦੋਵਾਂ ਮੁਲਕਾਂ ਦੀ ਰਣਨੀਤਕ ਭਾਈਵਾਲੀ ਵੱਖ-ਵੱਖ ਖੇਤਰਾਂ ‘ਚ ਵਧੀ ਹੈ। ਉਨ੍ਹਾਂ ਨਾਲ ਹੀ ਮੰਨਿਆ ਕਿ ਦੋਵਾਂ ਪਾਸਿਓਂ ਦੀ ਨੌਕਰਸ਼ਾਹੀ ‘ਚ ਹਾਲੇ ਵੀ ਕਈ ਮੁੱਦਿਆਂ ‘ਤੇ ਹਿਚਕਿਚਾਹਟ ਹੈ।