ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਇੰਡੀਆ ਗੇਟ ਅਤੇ ਆਲੇ-ਦੁਆਲੇ ਨੂੰ ਨਵਾਂ ਰੂਪ ਦਿੱਤਾ ਹੈ ਜਿਸ ਦੇ ਉਦਘਾਟਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਉਥੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੇ ਬੁੱਤ ਲਾਉਣ ਦੀ ਮੰਗ ਕੀਤੀ ਹੈ। ਪ੍ਰਧਾਨ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਇੰਡੀਆ ਗੇਟ ‘ਤੇ ਕ੍ਰਾਂਤੀਕਾਰੀ ਆਜ਼ਾਦੀ ਘੁਲਾਟੀਏ ਸ਼ਹੀਦ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੇ ਬੁੱਤ ਲਗਾਏ ਜਾਣ ਤਾਂ ਜੋ ਉਨ੍ਹਾਂ ਦੇ ਸਰਵਉੱਚ ਬਲੀਦਾਨ ਅਤੇ ਆਜ਼ਾਦੀ ਦੀ ਭਾਵਨਾ ਦੀ ਚੰਗਿਆੜੀ ਲਾਉਣ ‘ਚ ਉਨ੍ਹਾਂ ਦੀ ਭੂਮਿਕਾ ਨੂੰ ਚੇਤੇ ਕੀਤਾ ਜਾ ਸਕੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ ‘ਚ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਭਗਤ ਸਿੰਘ, ਸ਼ਿਵਰਾਮ ਹਰੀ ਰਾਜਗੁਰੂ ਅਤੇ ਸੁਖਦੇਵ ਥਾਪਰ ਹਰ ਪੱਖੋਂ ਇਕ ਨਵੇਂ ਭਾਰਤ ਦੇ ਪ੍ਰਤੀਕ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨਾਂ ਦੇ ਸਰਵਉੱਚ ਬਲੀਦਾਨ ਅਤੇ ਇਨ੍ਹਾਂ ਦੇ ਧਰਤੀ ਮਾਂ ਪ੍ਰਤੀ ਸਮਰਪਣ ਦੀ ਭਾਵਨਾ ਤੇ ਪਿਆਰ ਕਰੋੜਾਂ ਭਾਰਤੀਆਂ ਨੂੰ ਅੱਜ ਵੀ ਪ੍ਰੇਰਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਇਨ੍ਹਾਂ ਦੇ ਇੰਡੀਆ ਗੇਟ ਵਿਖੇ ਬੁੱਤ ਲਗਾਉਂਦਾ ਹੈ ਤਾਂ ਇਹ ਦੇਸ਼ ਵੱਲੋਂ ਇਨ੍ਹਾਂ ਦੀ ਸ਼ਹਾਦਤ ਤੇ ਇਨ੍ਹਾਂ ਵੱਲੋਂ ਅਣਗਿਣਤ ਭਾਰਤੀਆਂ ‘ਚ ਦੇਸ਼ਭਗਤੀ ਦੀ ਭਾਵਨਾ ਪੈਦਾ ਕਰਨ ‘ਚ ਪਾਏ ਯੋਗਦਾਨ ਦਾ ਸਨਮਾਨ ਹੋਵੇਗਾ। ਸੁਖਬੀਰ ਬਾਦਲ ਨੇ ਕਿਹਾ ਕਿ ਤਿੰਨੋਂ ਸ਼ਹੀਦ ਧਰਤੀ ਮਾਂ ਦੇ ਸੱਚੇ ਸਪੂਤ ਸਨ, ਜਿਨ੍ਹਾਂ ਨੇ ਲਾਲਾ ਲਾਜਪਤ ਰਾਏ ਦੀ 1928 ‘ਚ ਸਾਈਮਨ ਕਮਿਸ਼ਨ ਦੇ ਖ਼ਿਲਾਫ਼ ਸ਼ਾਂਤੀਪੂਰਨ ਰੋਸ ਪ੍ਰਦਰਸ਼ਨ ‘ਚ ਲਾਠੀਚਾਰਜ ਕੀਤੇ ਜਾਣ ਕਾਰਨ ਹੋਈ ਮੌਤ ਦਾ ਬਦਲਾ ਲੈਣ ਲਈ ਕ੍ਰਾਂਤੀਕਾਰੀ ਗਤੀਵਿਧੀਆਂ ਵਿੱਢੀਆਂ ਸਨ। ਉਨ੍ਹਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਵੱਲੋਂ 1929 ਨੂੰ ਦਿੱਲੀ ‘ਚ ਕੇਂਦਰੀ ਅਸੈਂਬਲੀ ਹਾਲ ‘ਚ ਪ੍ਰਤੀਕ ਵਜੋਂ ਬੰਬ ਸੁੱਟਣਾ ਵੀ ਵਿਲੱਖਣ ਸੀ ਕਿਉਂਕਿ ਉਨ੍ਹਾਂ ਨੇ ਮੌਕੇ ‘ਤੇ ਪਰਚੇ ਸੁੱਟ ਕੇ ਆਖਿਆ ਕਿ ਇਹ ਬੋਲੇ ਕੰਨਾਂ ‘ਤੇ ਉੱਚੀ ਆਵਾਜ਼ ਪਾਉਣ ਲਈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਤਿੰਨਾਂ ਨੇ ਆਪਣੇ ਜੀਵਨ ਨੂੰ ਲੋਕਾਂ ਸਾਹਮਣੇ ਬਹੁਤ ਦਲੇਰੀ ਨਾਲ ਪੇਸ਼ ਕੀਤਾ ਤੇ ਭਗਤ ਸਿੰਘ ਨੇ ਤਾਂ ਜੇਲ੍ਹ ‘ਚੋਂ ਹੀ ਆਪਣੀਆਂ ਗਤੀਵਿਧੀਆਂ ਪਿੱਛੇ ਤਰਕ ਦੱਸੇ ਅਤੇ ਉਨ੍ਹਾਂ ਲਈ ਮੁਆਫੀ ਮੰਗਣ ਜਾਂ ਅਪੀਲ ਦਾਇਰ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਤਾਨਾਸ਼ਾਹ ਬਰਤਾਨਵੀ ਸਾਮਰਾਜ ਨੂੰ ਉਨ੍ਹਾਂ ਨੂੰ ਫਾਂਸੀ ਮਿੱਥੇ ਸਮੇਂ ਤੋਂ ਪਹਿਲਾਂ ਲਾਉਣ ਲਈ ਮਜਬੂਰ ਹੋਣਾ ਪਿਆ ਤਾਂ ਜੋ ਸਰਕਾਰ ਲੋਕਾਂ ਦੇ ਰੋਹ ਤੋਂ ਬੱਚ ਸਕੇ। ਸੁਖਬੀਰ ਬਾਦਲ ਨੇ ਕਿਹਾ ਕਿ ਦੇਸ਼ ਹਮੇਸ਼ਾ ਇਨ੍ਹਾਂ ਮਹਾਨ ਸ਼ਹੀਦਾਂ ਦਾ ਕਰਜ਼ਦਾਰ ਰਹੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਕ੍ਰਾਂਤੀਕਾਰੀ ਕਦਮਾਂ ਨੇ ਅਜਿਹੀ ਚਿਣਗ ਜਗਾਈ, ਜਿਸ ਕਾਰਨ ਥੋੜ੍ਹੇ ਹੀ ਸਮੇਂ ‘ਚ ਇਹ ਲਹਿਰ ਦੇਸ਼ ‘ਚ ਜੰਗਲ ਦੀ ਅੱਗ ਵਾਂਗ ਹਰ ਪਾਸੇ ਫੈਲ ਗਈ। ਉਨ੍ਹਾਂ ਕਿਹਾ ਕਿ ਅਸੀਂ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਭਾਰਤੀਆਂ ‘ਚ ਆਜ਼ਾਦੀ ਦੀ ਚਿਣਗ ਜਗਾਉਣ ਲਈ ਹਮੇਸ਼ਾ ਉਨ੍ਹਾਂ ਦੇ ਰਿਣੀ ਰਹਾਂਗੇ, ਜਿਸਦੀ ਬਦੌਲਤ ਬਾਅਦ ‘ਚ ਇਹ ਆਜ਼ਾਦੀ ਮਿਲੀ।