ਯੂ.ਐੱਸ. ਓਪਨ ਟੈਨਿਸ ਟੂਰਨਾਮੈਂਟ ‘ਚ ਸ਼ੁਰੂ ਤੋਂ ਲੈ ਕੇ ਅੰਤ ਤਕ ਸੇਰੇਨਾ ਵਿਲੀਅਮਸ ਚਰਚਾ ‘ਚ ਰਹੀ ਪਰ ਉਸ ਦੀ ਥਾਂ ਇਗਾ ਸਤਿਵੇਕ ਦੇ ਰੂਪ ‘ਚ ਇਕ ਨਵੀਂ ਮਹਿਲਾ ਸਿੰਗਲਜ਼ ਚੈਂਪੀਅਨ ਮਿਲੀ। ਦੋ ਵਾਰ ਦੀ ਫ੍ਰੈਂਚ ਓਪਨ ਚੈਂਪੀਅਨ ਸਤਿਵੇਕ ਨੇ ਫਾਈਨਲ ‘ਚ ਓਂਸ ਜਾਬੂਰ ਨੂੰ ਸਿੱਧੇ ਸੈੱਟਾਂ ‘ਚ 6-2, 7-6 (5) ਨਾਲ ਹਰਾ ਕੇ ਆਪਣਾ ਤੀਜਾ ਗ੍ਰੈਂਡ ਸਲੈਮ ਖਿਤਾਬ ਜਿੱਤਿਆ। ਸਵਿਤੇਕ ਇਸ ਤੋਂ ਪਹਿਲਾਂ ਕਦੇ ਵੀ ਯੂ.ਐੱਸ. ਓਪਨ ਦੇ ਚੌਥੇ ਦੌਰ ਤੋਂ ਅੱਗੇ ਨਹੀਂ ਵਧੀ ਸੀ। ਇਸ ਵਾਰ ਵੀ ਨੰਬਰ ਵਨ ਖਿਡਾਰੀ ਹੋਣ ਦੇ ਬਾਵਜੂਦ ਖ਼ਿਤਾਬ ਦੇ ਦਾਅਵੇਦਾਰਾਂ ‘ਚ ਉਸ ਦੇ ਘੱਟ ਹੀ ਚਰਚੇ ਸਨ। ਸੇਰੇਨਾ ਵਿਲੀਅਮਸ ਇਸ ਵਾਰ ਯੂ.ਐੱਸ. ਓਪਨ ਦੀ ਸ਼ੁਰੂਆਤ ਤੋਂ ਹੀ ਖਿੱਚ ਦਾ ਕੇਂਦਰ ਬਣੀ ਹੋਈ ਹੈ ਕਿਉਂਕਿ ਇਹ ਉਸਦਾ ਆਖਰੀ ਟੂਰਨਾਮੈਂਟ ਹੋ ਸਕਦਾ ਹੈ। ਆਰਥਰ ਐੱਸ ਸਟੇਡੀਅਮ ‘ਚ ਵਿਸ਼ਵ ਦੀ ਪੰਜਵੇਂ ਨੰਬਰ ਦੀ ਖਿਡਾਰੀ ਜਾਬੂਰ ਨੂੰ ਹਰਾਉਣ ਤੋਂ ਬਾਅਦ ਸਤਿਵੇਕ ਨੇ ਕਿਹਾ, ‘ਮੈਨੂੰ ਇਸ ਤੋਂ ਜ਼ਿਆਦਾ ਉਮੀਦ ਨਹੀਂ ਸੀ ਖਾਸ ਤੌਰ ‘ਤੇ ਜਿਸ ਤਰ੍ਹਾਂ ਦੇ ਚੁਣੌਤੀਪੂਰਨ ਸਮੇਂ ‘ਚੋਂ ਮੈਨੂੰ ਇਸ ਟੂਰਨਾਮੈਂਟ ਤੋਂ ਪਹਿਲਾਂ ਗੁਜ਼ਰਨਾ ਪਿਆ ਸੀ। ਉਸ ਨੇ ਕਿਹਾ, ‘ਯਕੀਨੀ ਤੌਰ ‘ਤੇ ਇਹ ਟੂਰਨਾਮੈਂਟ ਚੁਣੌਤੀਪੂਰਨ ਸੀ ਕਿਉਂਕਿ ਇਹ ਨਿਊਯਾਰਕ ਹੈ। ਇਥੇ ਬਹੁਤ ਰੌਲਾ ਪੈਂਦਾ ਹੈ। ਮੈਨੂੰ ਸੱਚਮੁੱਚ ਆਪਣੇ ਆਪ ‘ਤੇ ਮਾਣ ਹੈ ਕਿ ਮੈਂ ਮਾਨਸਿਕ ਤੌਰ ‘ਤੇ ਇਨ੍ਹਾਂ ਚੀਜ਼ਾਂ ਨਾਲ ਨਜਿੱਠਣ ‘ਚ ਸਫਲ ਰਹੀ।’