ਇੰਗਲੈਂਡ ਨੂੰ 2019 ਵਰਲਡ ਕੱਪ ਜਿਤਾਉਣ ਵਾਲੇ ਇਯੋਨ ਮੋਰਗਨ ਨੇ ਖੇਡ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਮੋਰਗਨ ਨੇ ਹਾਲ ਹੀ ‘ਚ ਖਤਮ ਹੋਈ ਐੱਸ.ਏ-20 ਲੀਗ ‘ਚ ਪਾਰਲ ਰਾਇਲਜ਼ ਦੀ ਪ੍ਰਤੀਨਿਧਤਾ ਕਰਦੇ ਹੋਏ ਸੱਤ ਮੈਚ ਖੇਡੇ ਸਨ। ਮੋਰਗਨ ਨੇ ਕਿਹਾ, ‘ਮੈਂ ਬੇਹੱਦ ਮਾਣ ਨਾਲ ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ ਸੰਨਿਆਸ ਦਾ ਐਲਾਨ ਕਰਦਾ ਹਾਂ। ਕਾਫੀ ਸੋਚ-ਵਿਚਾਰ ਕਰਨ ਤੋਂ ਬਾਅਦ ਮੇਰਾ ਮੰਨਣਾ ਹੈ ਕਿ ਹੁਣ ਉਸ ਦਾ ਖੇਡ ਤੋਂ ਦੂਰ ਜਾਣ ਦਾ ਸਹੀ ਸਮਾਂ ਹੈ, ਜਿਸ ਨੇ ਬੀਤੇ ਸਾਲਾਂ ‘ਚ ਇੰਨਾ ਕੁਝ ਦਿੱਤਾ ਹੈ। ਸਾਲ 2005 ‘ਚ ਇੰਗਲੈਂਡ ਆਉਣ ਤੋਂ ਲੈ ਕੇ ਮਿਡਲਸੈਕਸ ਨਾਲ ਜੁੜਨ ਤਕ ਤੇ ਐੱਸ.ਏ. 20 ‘ਚ ਪਾਰਲ ਰਾਇਲਜ਼ ਲਈ ਖੇਡਣ ਤਕ, ਮੈਂ ਹਮੇਸ਼ਾ ਖੇਡ ਦਾ ਮਜ਼ਾ ਲਿਆ।’ ਮੋਰਗਨ ਨੇ ਆਪਣੇ ਕੌਮਾਂਤਰੀ ਕਰੀਅਰ ਦੀ ਸ਼ੁਰੂਆਤ ਆਇਰਲੈਂਡ ਲਈ 2006 ‘ਚ ਸਕਾਟਲੈਂਡ ਵਿਰੁੱਧ ਕੀਤੀ ਸੀ। ਆਪਣੇ ਡੈਬਿਊ ਵਨ ਡੇ ਮੈਚ ‘ਚ 99 ਦੌੜਾਂ ਬਣਾਉਣ ਤੋਂ ਬਾਅਦ ਉਸ ਨੂੰ ਅਗਲੇ ਸਾਲ ਹੋਏ ਵਰਲਡ ਕੱਪ ਲਈ ਵੀ ਟੀਮ ‘ਚ ਸ਼ਾਮਲ ਕੀਤਾ ਗਿਆ, ਹਾਲਾਂਕਿ ਇਥੇ 21 ਸਾਲਾ ਖੱਬੂ ਬੱਲੇਬਾਜ਼ ਪ੍ਰਭਾਵਸ਼ਾਲੀ ਪ੍ਰਦਰਸ਼ਨ ਨਹੀਂ ਕਰ ਸਕਿਆ। ਮੋਰਗਨ ਨੇ ਦੱਖਣੀ ਅਫਰੀਕਾ ਦੇ ਦੌਰੇ ‘ਤੇ ਇੰਗਲੈਂਡ ਲਾਇਨਜ਼ ਲਈ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇੰਗਲੈਂਡ ਕ੍ਰਿਕਟ ਬੋਰਡ ਦਾ ਧਿਆਨ ਆਪਣੇ ਵੱਲ ਖਿੱਚਿਆ, ਜਿਸ ਤੋਂ ਬਾਅਦ ਉਸ ਨੂੰ ਟੀ-20 ਵਰਲਡ ਕੱਪ 2007 ਦੀ 15 ਮੈਂਬਰੀ ਸਕੁਐਡ ‘ਚ ਸ਼ਾਮਲ ਕੀਤਾ ਗਿਆ। ਇਸ ਘਟਨਾ ਦੇ ਕਾਰਨ ਮੋਰਗਨ ਨੇ ਆਇਰਲੈਂਡ ਦਾ ਸਾਥ ਛੱਡ ਦਿੱਤਾ। ਉਸ ਨੇ ਕਿਹਾ, ‘ਜਿਵੇਂ ਕਿ ਹਰ ਖਿਡਾਰੀ ਦੇ ਕਰੀਅਰ ‘ਚ ਹੁੰਦਾ ਹੈ, ਮੇਰੇ ਕਰੀਅਰ ‘ਚ ਵੀ ਉਤਾਰ-ਚੜ੍ਹਾਅ ਆਏ ਪਰ ਮੇਰਾ ਪਰਿਵਾਰ ਤੇ ਮੇਰੇ ਦੋਸਤ ਹਮੇਸ਼ਾ ਮੇਰੇ ਨਾਲ ਰਹੇ। ਮੈਂ ਖਾਸ ਤੌਰ ‘ਤੇ ਆਪਣੀ ਪਤਨੀ ਤਾਰਾ, ਆਪਣੇ ਪਰਿਵਾਰ ਤੇ ਨੇੜਲੇ ਦੋਸਤਾਂ ਨੂੰ ਧੰਨਵਾਦ ਦੇਣਾ ਚਾਹਾਂਗਾ, ਜਿਨ੍ਹਾਂ ਨੇ ਹਰ ਹਾਲ ‘ਚ ਮੇਰਾ ਸਾਥ ਦਿੱਤਾ।’ ਮੋਰਗਨ ਨੇ ਜੂਨ 2022 ‘ਚ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ 379 ਕੌਮਾਂਤਰੀ ਮੈਚ ਖੇਡੇ। ਇੰਗਲੈਂਡ ਨੇ ਮੋਰਗਨ ਦੀ ਕਪਤਾਨੀ ‘ਚ ਹੀ 2019 ‘ਚ ਆਪਣਾ ਪਹਿਲਾ ਵਨ ਡੇ ਵਰਲਡ ਕੱਪ ਵੀ ਜਿੱਤਿਆ। ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਮੋਰਗਨ ਨੇ ਫ੍ਰੈਂਚਾਈਜ਼ੀ ਕ੍ਰਿਕਟ ਖੇਡਣੀ ਜਾਰੀ ਰੱਖੀ। ਉਸ ਨੇ ਦੁਨੀਆ ਭਰ ਦੀਆ ਵੱਖ-ਵੱਖ ਲੀਗਾਂ ‘ਚ ਕੁਲ 374 ਟੀ-20 ਮੁਕਾਬਲੇ ਖੇਡੇ।