ਇਕ ਰੋਮਾਂਚਲ ਮੁਕਾਬਲੇ ‘ਚ ਇੰਗਲੈਂਡ ਨੂੰ 6 ਦੌੜਾਂ ਨਾਲ ਹਰਾ ਕੇ ਸਾਊਥ ਅਫਰੀਕਾ ਦੀ ਮਹਿਲਾ ਕ੍ਰਿਕਟ ਟੀਮ ਟੀ-20 ਵਰਲਡ ਕੱਪ ਦੇ ਫਾਈਨਲ ‘ਚ ਪਹੁੰਚ ਗਈ ਹੈ ਅਤੇ ਇਹ ਫਾਈਨਲ ਮੁਕਾਬਲਾ ਐਤਵਾਰ ਨੂੰ ਖੇਡਿਆ ਜਾਵੇਗਾ। ਮਹਿਲਾ ਟੀ-20 ਵਰਲਡ ਕੱਪ ਦੇ ਦੂਜੇ ਸੈਮੀਫਾਈਨਲ ‘ਚ ਸਾਊਥ ਅਫਰੀਕਾ ਜੇਤੂ ਰਿਹਾ ਜਿਸ ਨੇ ਵਿਰੋਧੀ ਟੀਮ ਅੱਗੇ 164 ਦੌੜਾਂ ਦਾ ਟੀਚਾ ਰੱਖਿਆ ਸੀ। ਇਸ ਦੇ ਜਵਾਬ ‘ਚ ਇੰਗਲੈਂਡ ਦੀ ਟੀਮ 20 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ 158 ਦੌੜਾਂ ਹੀ ਬਣਾ ਸਕੀ। ਇੰਗਲੈਂਡ ਲਈ ਸਲਾਮੀ ਬੱਲੇਬਾਜ਼ ਡੇਨੀਅਲ ਵਿਅਟ ਨੇ 30 ਗੇਂਦਾਂ ‘ਚ 34 ਦੌੜਾਂ ਬਣਾਈਆਂ ਜਦਕਿ ਸੋਫੀਆ ਡੰਕਲੇ ਨੇ 16 ਗੇਂਦਾਂ ‘ਚ 28 ਦੌੜਾਂ ਬਣਾਈਆਂ। ਐਲਿਸ ਕੈਪਸੀ ਬਿਨਾਂ ਖਾਤਾ ਖੋਲ੍ਹੇ ਪੈਵੇਲੀਅਨ ਪਰਤ ਗਈ ਅਤੇ ਐਮੀ ਜੋਨਸ ਸਿਰਫ਼ 2 ਦੌੜਾਂ ‘ਤੇ ਵਿਕਟ ਗੁਆ ਬੈਠੀ। ਇਸ ਤੋਂ ਬਾਅਦ ਨੈਟ ਸਾਇਵਰ-ਬਰੰਟ ਅਤੇ ਹੀਥਰ ਨਾਈਟ ਨੇ ਇੰਗਲੈਂਡ ਦੀ ਪਾਰੀ ਨੂੰ ਸੰਭਾਲਿਆ। ਹਾਲਾਂਕਿ ਉਹ ਅੰਤ ਤੱਕ ਟਿਕ ਨਹੀਂ ਸਕੇ ਪਰ ਬਰੰਟ ਨੇ 34 ਗੇਂਦਾਂ ‘ਤੇ 40 ਦੌੜਾਂ ਬਣਾਈਆਂ ਜਦਕਿ ਨਾਈਟ ਨੇ 25 ਗੇਂਦਾਂ ‘ਤੇ 31 ਦੌੜਾਂ ਬਣਾਈਆਂ। ਇਸ ਤੋਂ ਬਾਅਦ ਸੋਫੀ ਏਕਲਸਟੋਨ (1) ਅਤੇ ਕੈਥਰੀਨ ਸਾਇਵਰ-ਬਰੰਟ (0) ਜ਼ਿਆਦਾ ਯੋਗਦਾਨ ਨਹੀਂ ਪਾ ਸਕੀਆਂ। ਸਾਊਥ ਅਫਰੀਕਾ ਲਈ ਅਯਾਬੋਂਗਾ ਖਾਕਾ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ। ਸਾਊਥ ਅਫਰੀਕਾ ਦੀ ਪਾਰੀ ਦੀ ਗੱਲ ਕਰੀਏ ਤਾਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 4 ਵਿਕਟਾਂ ਦੇ ਨੁਕਸਾਨ ‘ਤੇ 164 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਲੌਰਾ ਵੋਲਵਾਰਡ ਅਤੇ ਤਾਜਮਿਨ ਬ੍ਰਿਟਸ ਨੇ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਈ। ਵੋਲਵਾਰਡਟ ਨੇ 44 ਗੇਂਦਾਂ ‘ਤੇ 53 ਦੌੜਾਂ ਬਣਾਈਆਂ ਜਦਕਿ ਬ੍ਰਿਟਸ ਨੇ 55 ਗੇਂਦਾਂ ‘ਤੇ 68 ਦੌੜਾਂ ਬਣਾਈਆਂ। ਤੀਜੇ ਨੰਬਰ ਦੇ ਬੱਲੇਬਾਜ਼ ਮਾਰਿਜਨ ਕਪ 13 ਗੇਂਦਾਂ ‘ਚ 27 ਦੌੜਾਂ ਬਣਾ ਕੇ ਅਜੇਤੂ ਰਹੇ। ਕਲੋਏ ਟਰਾਇਓਨ (3), ਨਦੀਨ ਡੀ ਕਲਰਕ (0) ਮੱਧਕ੍ਰਮ ‘ਚ ਜ਼ਿਆਦਾ ਕੁਝ ਨਹੀਂ ਕਰ ਸਕੇ। ਅੰਤ ‘ਚ ਕਪਤਾਨ ਸੁਨੇ ਲੂਸ ਨੇ ਅਜੇਤੂ 3 ਦੌੜਾਂ ਬਣਾਈਆਂ। ਗੇਂਦਬਾਜ਼ੀ ‘ਚ ਇੰਗਲੈਂਡ ਲਈ ਸੋਫੀ ਏਕਲਸਟੋਨ ਨੇ 3 ਜਦਕਿ ਲਾਰੇਨ ਬੇਲ ਨੇ 1 ਵਿਕਟ ਲਿਆ। ਗੌਰਤਲਬ ਹੈ ਕਿ ਆਸਟ੍ਰੇਲੀਆ ਸੈਮੀਫਾਈਨਲ ‘ਚ ਇੰਡੀਆ ਨੂੰ ਹਰਾ ਕੇ ਪਹਿਲਾਂ ਹੀ ਫਾਈਨਲ ‘ਚ ਜਗ੍ਹਾ ਬਣਾ ਚੁੱਕਾ ਹੈ।