ਇੰਗਲੈਂਡ ‘ਚ ਚੈਂਪੀਅਨ ਪਾਵਰਲਿਫਟਰ 26 ਸਾਲਾ ਕਰਨਜੀਤ ਕੌਰ ਬੈਂਸ ਨੇ ਇਕ ਮਿੰਟ (ਮਹਿਲਾ) ‘ਚ ਆਪਣੇ ਸਰੀਰ ਦੇ ਭਾਰ ਤੋਂ ਵੱਧ ਸਕੁਐਟ ਲਿਫਟਾਂ ਚੁੱਕਣ ਦਾ ਰਿਕਾਰਡ ਬਣਾਇਆ ਹੈ। ਗਿਨੀਜ਼ ਵਰਲਡ ਰਿਕਾਰਡ ਦੇ ਅਨੁਸਾਰ ਕਰਨਜੀਤ ਨੇ ਇਕ ਮਿੰਟ ‘ਚ ਆਪਣੇ ਪੂਰੇ ਭਾਰ ਦੇ 42 ਸਕੁਐਟ ਲਿਫਟ ਕੀਤੇ। ਐਥਲੀਟਾਂ ਦੇ ਪਰਿਵਾਰ ਤੋਂ ਆਉਣ ਵਾਲੀ ਕਰਨਜੀਤ ਨੇ 17 ਸਾਲ ਦੀ ਉਮਰ ‘ਚ ਹੀ ਪਾਵਰਲਿਫਟਿੰਗ ਸ਼ੁਰੂ ਕੀਤੀ ਸੀ। ਕਰਨਜੀਤ ਦਾ ਕਹਿਣਾ ਹੈ ਕਿ ਰਿਕਾਰਡ ਤੋੜਨਾ ਅਵਿਸ਼ਵਾਸਯੋਗ ਲੱਗਦਾ ਹੈ। ਮੈਨੂੰ ਉਮੀਦ ਹੈ ਕਿ ਅਗਲੀ ਪੀੜ੍ਹੀ ਇਹ ਜਾਣਨ ਲਈ ਪ੍ਰੇਰਿਤ ਹੋਵੇਗੀ ਕਿ ਜੇਕਰ ਆਪਣਾ ਦਿਮਾਗ਼ ਲਗਾਇਆ ਜਾਵੇ ਤਾਂ ਉਨ੍ਹਾਂ ਦੇ ਸੁਫ਼ਨੇ ਸੱਚਮੁੱਚ ਸਾਕਾਰ ਹੋ ਸਕਦੇ ਹਨ ਅਤੇ ਉਹ ਕੁਝ ਵੀ ਹਾਸਲ ਕਰ ਸਕਦੇ ਹਨ। ਗਿਨੀਜ਼ ਵਰਲਡ ਰਿਕਾਰਡਸ ਦੀ ਰਿਪੋਰਟ ਮੁਤਾਬਕ ਉਹ ਇਕ ਪੁਰਸ਼-ਪ੍ਰਧਾਨ ਖੇਡ ‘ਚ ਇਕ ਸਫ਼ਲ ਔਰਤ ਹੈ, ਪਰ ਉਹ ਪਾਵਰਲਿਫਟਿੰਗ ‘ਚ ਗ੍ਰੇਟ ਬ੍ਰਿਟੇਨ ਦੀ ਨੁਮਾਇੰਦਗੀ ਕਰਨ ਵਾਲੀ ਪਹਿਲੀ ਬ੍ਰਿਟਿਸ਼ ਸਿੱਖ ਔਰਤ ਵੀ ਹੈ। ਸਟਰੈਂਥ ਸਪੋਰਟਸ ‘ਚ ਆਪਣਾ ਕਰੀਅਰ ਸ਼ੁਰੂ ਕਰਨ ਤੋਂ ਪਹਿਲਾਂ ਕਰਨਜੀਤ ਨੇ ਲਗਭਗ 10 ਸਾਲਾਂ ਤੱਕ ਐਥਲੈਟਿਕਸ ‘ਚ ਹਿੱਸਾ ਲਿਆ ਅਤੇ ਵਾਰਵਿਕਸ਼ਾਇਰ ‘ਚ ਬਹੁਤ ਸਾਰੇ ਮੁਕਾਬਲੇ ਜਿੱਤੇ। ਉਸਨੇ ਆਪਣੇ ਸਕੂਲ ‘ਚ ਸਭ ਤੋਂ ਤੇਜ਼ ਕੁੜੀ ਵਜੋਂ ਵੀ ਨਾਮਣਾ ਖੱਟਿਆ। ਕਰਨਜੀਤ ਦਾ ਪਰਿਵਾਰ ਉਸ ਦੇ ਸਫ਼ਰ ਦਾ ਬਹੁਤ ਵੱਡਾ ਹਿੱਸਾ ਹੈ, ਜੋ ਉਸ ਦਾ ਪਿਆਰ ਨਾਲ ਸਮਰਥਨ ਕਰਦਾ ਹੈ। ਕਰਨਜੀਤ ਦੇ ਪਿਤਾ ਜੋ ਸਾਬਕਾ ਪਾਵਰਲਿਫਟਰ ਅਤੇ ਬਾਡੀ ਬਿਲਡਰ ਹਨ, ਉਸ ਦੇ ਕੋਚ ਬਣੇ। ਜਦੋਂ ਕਰਨਜੀਤ ਨੇ ਪਾਵਰਲਿਫਟਿੰਗ ‘ਚ ਆਪਣਾ ਹੱਥ ਅਜ਼ਮਾਇਆ ਤਾਂ ਜੇਤੂ ਪਿਤਾ-ਧੀ ਦੀ ਸਾਂਝੇਦਾਰੀ ਜਾਰੀ ਰਹੀ।