ਪਿਛਲੀ ਕਾਂਗਰਸ ਸਰਕਾਰ ਦੇ ਕੁਝ ਸਾਬਕਾ ਮੰਤਰੀ ਪਹਿਲਾਂ ਹੀ ਵਿਜੀਲੈਂਸ ਵਿਭਾਗ ਦੀ ਜਾਂਚ ਦਾ ਸਾਹਮਣਾ ਕਰ ਰਹੇ ਹਨ ਅਤੇ ਕੁਝ ਇਕ ਜੇਲ੍ਹ ਦੀ ਹਵਾ ਵੀ ਖਾ ਰਹੇ ਹਨ ਜਦਕਿ ਕੁਝ ਹਵਾ ਖਾ ਕੇ ਜਮ਼ਾਨਤ ‘ਤੇ ਬਾਹਰ ਆਏ ਹਨ। ਇਸੇ ਦੌਰਾਨ ਹੁਣ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਕਾਂਗਰਸ ਦੇ ਇਕ ਹੋਰ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਦੇ ਖ਼ਿਲਾਫ਼ ਜਾਂਚ ਆਰੰਭ ਦਿੱਤੀ ਗਈ ਹੈ। ਵਿਜੀਲੈਂਸ ਬਿਊਰੋ ਦੇ ਇਕ ਸੀਨੀਅਰ ਅਧਿਕਾਰੀ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਵਿਜੀਲੈਂਸ ਦੀ ਟੀਮ ਵੱਲੋਂ ਇਸ ਸਾਬਕਾ ਮੰਤਰੀ ਖ਼ਿਲਾਫ਼ ਸਰੋਤਾਂ ਤੋਂ ਜ਼ਿਆਦਾ ਆਮਦਨੀ ਦੇ ਮਾਮਲੇ ‘ਚ ਜਾਂਚ-ਪੜਤਾਲ ਆਰੰਭੀ ਗਈ ਹੈ। ਸਿੰਗਲਾ ਨੇ ਵਿਜੀਲੈਂਸ ਦੀ ਇਸ ਕਾਰਵਾਈ ਸਬੰਧੀ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਵਿਜੀਲੈਂਸ ਅਧਿਕਾਰੀਆਂ ਮੁਤਾਬਕ ਇਸ ਮੰਤਰੀ ਦੇ ਅਸਾਸਿਆਂ ਸਬੰਧੀ ਤੱਥ ਇਕੱਤਰ ਕੀਤੇ ਜਾ ਰਹੇ ਹਨ ਤੇ ਜਾਂਚ ਮੁਕੰਮਲ ਹੋਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਵਿਜੈਇੰਦਰ ਸਿੰਗਲਾ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀਆਂ ਦੋਵੇਂ ਕਾਂਗਰਸ ਸਰਕਾਰਾਂ ਸਮੇਂ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਰਹੇ ਹਨ। ਵਿਜੀਲੈਂਸ ਦੀ ਇਸ ਕਾਰਵਾਈ ਤੋਂ ਬਾਅਦ ਕਾਂਗਰਸ ਦਾ ਇਹ ਪੰਜਵਾਂ ਸਾਬਕਾ ਮੰਤਰੀ ਹੈ ਜੋ ਵਿਜੀਲੈਂਸ ਦੇ ਨਿਸ਼ਾਨੇ ‘ਤੇ ਆ ਗਿਆ ਹੈ। ਇਸ ਤੋਂ ਪਹਿਲਾਂ ਭਾਰਤ ਭੂਸ਼ਨ ਆਸ਼ੂ, ਸਾਧੂ ਸਿੰਘ ਧਰਮਸੋਤ, ਸੰਗਤ ਸਿੰਘ ਗਿਲਜ਼ੀਆਂ ਅਤੇ ਸੁੰਦਰ ਸ਼ਾਮ ਅਰੋੜਾ ਦੇ ਖ਼ਿਲਾਫ਼ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਵਿਜੀਲੈਂਸ ਸੂਤਰਾਂ ਦਾ ਦੱਸਣਾ ਹੈ ਕਿ ਸੱਤਾ ਤਬਦੀਲੀ ਤੋਂ ਬਾਅਦ ਸਾਬਕਾ ਲੋਕ ਨਿਰਮਾਣ ਮੰਤਰੀ ਦੇ ਖ਼ਿਲਾਫ਼ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਮਿਲੀਆਂ ਸਨ ਤੇ ਸਾਰੀਆਂ ਸ਼ਿਕਾਇਤਾਂ ਦਾ ਨਿਰੀਖਣ ਕਰਨ ਤੋਂ ਬਾਅਦ ਵਿਜੀਲੈਂਸ ਜਾਂਚ ਦਰਜ ਕਰਕੇ ਸਰੋਤਾਂ ਤੋਂ ਜ਼ਿਆਦਾ ਆਮਦਨ ਦੇ ਮਾਮਲੇ ਦੀ ਜਾਂਚ ਆਰੰਭ ਕੀਤੀ ਗਈ ਸੀ। ਵਿਜੀਲੈਂਸ ਦਾ ਇਹ ਵੀ ਦੱਸਣਾ ਹੈ ਕਿ ਸਰੋਤਾਂ ਤੋਂ ਜ਼ਿਆਦਾ ਆਮਦਨ ਦੀ ਪੜਤਾਲ ਦੌਰਾਨ ਸਮੁੱਚੇ ਅਸਾਸਿਆਂ, ਪਿਛਲੇ ਸਮੇਂ ਦੀ ਆਮਦਨ ਦਾ ਲੇਖਾ ਜੋਖਾ ਮੰਗਿਆ ਗਿਆ ਹੈ। ਇਸ ਤੋਂ ਬਿਨਾਂ ਪਿਛਲੇ ਸਮੇਂ ਦੌਰਾਨ ਕੀਤੇ ਖ਼ਰਚ, ਖਰੀਦੋ-ਫਰੋਖ਼ਤ ਆਦਿ ਦਾ ਮਿਲਾਨ ਕੀਤਾ ਜਾ ਰਿਹਾ ਹੈ। ਐਸੋਸੀਏਸ਼ਨ ਫ਼ਾਰ ਡੈਮੋਕਰੈਟਿਕ ਰਾਈਟਸ ਮੁਤਾਬਕ ਵਿਜੈਇੰਦਰ ਸਿੰਗਲਾ ਵੱਲੋਂ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ 17.32 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਦਾ ਪ੍ਰਗਟਾਵਾ ਕੀਤਾ ਗਿਆ ਸੀ ਜਦੋਂ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਸ ਕਾਂਗਰਸੀ ਆਗੂ ਵੱਲੋਂ 18.87 ਕਰੋੜ ਰੁਪਏ ਦੀ ਦੀ ਚੱਲ-ਅਚੱਲ ਜਾਇਦਾਦ ਹੋਣ ਦਾ ਪ੍ਰਗਟਾਵਾ ਚੋਣ ਕਮਿਸ਼ਨ ਨੂੰ ਦਿੱਤੇ ਦਸਤਾਵੇਜ਼ਾਂ ‘ਚ ਕੀਤਾ ਗਿਆ ਸੀ। ਸੂਤਰਾਂ ਦਾ ਇਹ ਵੀ ਦੱਸਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਬਕਾ ਲੋਕ ਨਿਰਮਾਣ ਮੰਤਰੀ ਖ਼ਿਲਾਫ਼ ਚੱਲ ਰਹੀ ਜਾਂਚ ਨੂੰ ਪੂਰੇ ਨਿਰਪੱਖ ਤਰੀਕੇ ਨਾਲ ਸਿਰੇ ਲਾਉਣ ਅਤੇ ਬਣਦੀ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਸਨ। ਮਾਨ ਜਦ ਸੰਸਦ ਮੈਂਬਰ ਵਜੋਂ ਸੰਗਰੂਰ ਹਲਕੇ ਦੀ ਨੁਮਾਇੰਦੀ ਕਰਦੇ ਸਨ ਤਾਂ ਉਸ ਸਮੇਂ ਵੀ ਸਾਬਕਾ ਮੰਤਰੀ ਦੇ ਖ਼ਿਲਾਫ਼ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਸਾਹਮਣੇ ਆਉਂਦੀਆਂ ਸਨ। ਵਿਜੀਲੈਂਸ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਬਿਊਰੋ ਵੱਲੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਵਰਿੰਦਰਮੀਤ ਸਿੰਘ ਪਾਹੜਾ ਦੇ ਖ਼ਿਲਾਫ਼ ਵੀ ਸਰੋਤਾਂ ਤੋਂ ਜ਼ਿਆਦਾ ਆਮਦਨ ਦੇ ਮਾਮਲੇ ‘ਚ ਜਾਂਚ ਆਰੰਭੀ ਗਈ ਹੈ।