ਇਕ ਹੋਰ ਸਾਬਕਾ ਕਾਂਗਰਸੀ ਮੰਤਰੀ ਵਿਜੈਇੰਦਰ ਸਿੰਗਲਾ ਤੋਂ ਵਿਜੀਲੈਂਸ ਬਿਊਰੋ ਵੱਲੋਂ ਕਰੀਬ ਸਾਢੇ ਚਾਰ ਘੰਟੇ ਤੱਕ ਪੁੱਛ-ਪੜਤਾਲ ਕੀਤੀ ਗਈ। ਵਿਜੀਲੈਂਸ ਨੇ ਸਾਬਕਾ ਮੰਤਰੀ ਤੋਂ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਸਬੰਧੀ ਸਵਾਲ ਪੁੱਛੇ ਅਤੇ ਆਮਦਨ ਤੇ ਜਾਇਦਾਦ ਸਬੰਧੀ ਵੇਰਵੇ ਮੰਗੇ। ਪਿਛਲੀ ਕਾਂਗਰਸ ਸਰਕਾਰ ‘ਚ ਲੋਕ ਨਿਰਮਾਣ ਤੇ ਸਿੱਖਿਆ ਮੰਤਰੀ ਰਹੇ ਵਿਜੈਇੰਦਰ ਸਿੰਗਲਾ ਸਵੇਰੇ ਕਰੀਬ ਸਾਢੇ ਗਿਆਰਾਂ ਵਜੇ ਸਥਾਨਕ ਉਪ ਕਪਤਾਨ ਪੁਲੀਸ ਵਿਜੀਲੈਂਸ ਬਿਊਰੋ ਦਫ਼ਤਰ ਪੁੱਜੇ। ਇਸ ਮੌਕੇ ਐੱਸ.ਐੱਸ.ਪੀ. ਵਿਜੀਲੈਂਸ ਜਗਤਪ੍ਰੀਤ ਸਿੰਘ ਤੇ ਡੀ.ਐੱਸ.ਪੀ. ਵਿਜੀਲੈਂਸ ਪਰਮਿੰਦਰ ਸਿੰਘ ਦੀ ਅਗਵਾਈ ਹੇਠਲੀ ਟੀਮ ਵੱਲੋਂ ਸਾਬਕਾ ਕੈਬਨਿਟ ਮੰਤਰੀ ਤੋਂ ਕਰੀਬ ਸਾਢੇ ਚਾਰ ਘੰਟੇ ਤੱਕ ਪੁੱਛ ਪੜਤਾਲ ਕੀਤੀ ਗਈ। ਵਿਜੈਇੰਦਰ ਸਿੰਗਲਾ ਸ਼ਾਮ ਕਰੀਬ ਸਵਾ ਚਾਰ ਵਜੇ ਵਿਜੀਲੈਂਸ ਦਫ਼ਤਰ ਤੋਂ ਬਾਹਰ ਆਏ। ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜਦੋਂ ਵੀ ਚੋਣ ਲੜੀ ਹੈ ਤਾਂ ਉਸ ਸਮੇਂ ਵੀ ਆਮਦਨ ਸਬੰਧੀ ਸਾਰੇ ਕਾਗਜ਼ਾਤ ਹਲਫੀਆ ਬਿਆਨ ਦੇ ਤੌਰ ‘ਤੇ ਜਮ੍ਹਾਂ ਕਰਵਾਏ ਸਨ। ਵਿਜੀਲੈਂਸ ਵੱਲੋਂ ਜਿਹੜੇ ਵੀ ਸਵਾਲ ਉਨ੍ਹਾਂ ਕੋਲੋਂ ਪੁੱਛੇ ਗਏ ਹਨ, ਸਭ ਦੇ ਜਵਾਬ ਦਿੱਤੇ ਗਏ ਹਨ। ਉਨ੍ਹਾਂ ਕੋਲ ਜਿਹੜੇ ਵਿਭਾਗ ਰਹੇ, ਉਨ੍ਹਾਂ ਦੇ ਸੰਗਰੂਰ ਤੇ ਪਟਿਆਲਾ ‘ਚ ਮਕਾਨ ਤੋਂ ਇਲਾਵਾ ਹੋਰ ਜਾਇਦਾਦਾਂ ਬਾਰੇ ਪੁੱਛਿਆ ਗਿਆ। ਸਿੰਗਲਾ ਨੇ ਕਿਹਾ ਕਿ ਉਹ ਹਰ ਜਾਂਚ ਲਈ ਸਹਿਯੋਗ ਵਾਸਤੇ ਤਿਆਰ ਹਨ। ਜਾਇਦਾਦ ਸਬੰਧੀ ਜਿਹੜੇ ਵੀ ਦਸਤਾਵੇਜ਼ ਮੰਗੇ ਜਾਣਗੇ, ਉਹ ਸੌਂਪ ਦਿੱਤੇ ਜਾਣਗੇ। ਐੱਸ.ਐੱਸ.ਪੀ. ਜਗਤਪ੍ਰੀਤ ਸਿੰਘ ਨੇ ਦੱਸਿਆ ਕਿ ਵਿਜੈਇੰਦਰ ਸਿੰਗਲਾ ਖ਼ਿਲਾਫ਼ ਪਿਛਲੇ ਕਰੀਬ ਦੋ ਮਹੀਨੇ ਤੋਂ ਜਾਂਚ ਚੱਲ ਰਹੀ ਹੈ। ਉਨ੍ਹਾਂ ਨੂੰ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਾਰੇ ਪੁੱਛ ਪੜਤਾਲ ਲਈ ਬੁਲਾਇਆ ਗਿਆ ਸੀ। ਜਾਇਦਾਦ ਸਬੰਧੀ ਦਸਤਾਵੇਜ਼ ਮੰਗੇ ਗਏ ਹਨ। ਇਸ ਮਗਰੋਂ ਮੁੜ ਪੁੱਛ ਪੜਤਾਲ ਲਈ ਬੁਲਾਇਆ ਜਾਵੇਗਾ। ਵਿਜੀਲੈਂਸ ਦਫ਼ਤਰ ਅੱਗੇ ਵਿਜੈਇੰਦਰ ਸਿੰਗਲਾ ਵਿਰੋਧੀ ਪੁੱਜੇ ਹੋਏ ਸਨ। ਇਨ੍ਹਾਂ ਨੂੰ ਵੇਖਦਿਆਂ ਹੀ ਵੱਡੀ ਤਾਦਾਦ ‘ਚ ਸਿੰਗਲਾ ਹਮਾਇਤੀ ਵੀ ਪੁੱਜ ਗਏ ਜਿਸ ਮਗਰੋਂ ਵਿਜੀਲੈਂਸ ਦਫ਼ਤਰ ਅੱਗੇ ਪੁਲੀਸ ਫੋਰਸ ਤਾਇਨਾਤ ਕਰ ਦਿੱਤੀ ਗਈ। ਪੁਲੀਸ ਵੱਲੋਂ ਮੌਕੇ ‘ਤੇ ਪਹੁੰਚੇ ਸਿੰਗਲਾ ਦੇ ਵਿਰੋਧੀਆਂ ਨੂੰ ਪਿੱਛੇ ਹਟਾ ਦਿੱਤਾ ਗਿਆ। ਸਿੰਗਲਾ ਪੁੱਛ ਪੜਤਾਲ ਮਗਰੋਂ ਜਿਉਂ ਦਫ਼ਤਰੋਂ ਬਾਹਰ ਨਿਕਲੇ ਤਾਂ ਸਿੰਗਲਾ ਦੇ ਵਿਰੋਧੀਆਂ ਨੇ ਨਾਅਰੇਬਾਜ਼ੀ ਕੀਤੀ ਜਿਸ ਦੇ ਜਵਾਬ ‘ਚ ਸਿੰਗਲਾ ਹਮਾਇਤੀਆਂ ਨੇ ਵੀ ਨਾਅਰੇਬਾਜ਼ੀ ਕੀਤੀ।