ਮਿਗ-21 ਲਡ਼ਾਕੂ ਜਹਾਜ਼ਾਂ ਦੇ ਹਾਦਸਾਗ੍ਰਸਤ ਹੋਣ ਦਾ ਵੀ ਇਤਿਹਾਸ ਬਣ ਗਿਆ ਹੈ ਅਤੇ ਇਸ ਕਾਰਨ ਹੁਣ ਤੱਕ ਕਈ ਪਾਇਲਟਾਂ ਸਮੇਤ ਹੋਰ ਕੀਮਤੀ ਜਾਨਾਂ ਜਾਂਦੀਆਂ ਰਹੀਆਂ ਹਨ। ਤਾਜ਼ਾ ਘਟਨਾ ਰਾਜਸਥਾਨ ਦੇ ਬਾਡ਼ਮੇਰ ਦੀ ਹੈ ਜਿੱਥੇ ਭਾਰਤੀ ਹਵਾਈ ਫੌਜ ਦਾ ਇਕ ਮਿਗ-21 ਲਡ਼ਾਕੂ ਜਹਾਜ਼ ਹਾਸਦਾਗ੍ਰਾਸਤ ਹੋ ਗਿਆ। ਮਿਗ ਜਹਾਜ਼ ਦੇ ਹੇਠਾਂ ਡਿੱਗਦੇ ਹੀ ਇਸ ਨੂੰ ਅੱਗ ਲੱਗ ਗਈ। ਹਾਦਸੇ ’ਚ ਮਿਗ ਜਹਾਜ਼ ਉਡਾ ਰਹੇ ਦੋਵੇਂ ਪਾਇਲਟਾਂ ਦੀ ਮੌਤ ਹੋ ਗਈ ਹੈ। ਹਾਦਸੇ ਦੀ ਸੂਚਨਾ ’ਤੇ ਪੁਲੀਸ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਇਸ ਦੇ ਨਾਲ ਹੀ ਹਵਾਈ ਫੌਜ ਦੇ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ ਹਨ। ਫਿਲਹਾਲ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਪਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮਿਗ ਜਹਾਜ਼ ਰੁਟੀਨ ਉਡਾਣ ’ਚ ਸੀ ਅਤੇ ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਹਵਾਈ ਫੌਜ ਨੇ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਜਿਥੇ ਜਹਾਜ਼ ਹਾਸਦਾਗ੍ਰਸਤ ਹੋਇਆ ਹੈ, ਉਥੇ ਕੁਝ ਝੌਂਪਡ਼ੀਆਂ ਅਤੇ ਹੋਰ ਕੱਚੇ ਘਰ ਸਨ। ਹਾਦਸਾ ਇਨਾ ਭਿਆਨਕ ਸੀ ਕਿ ਮਿਗ ਦਾ ਮਲਬਾ ਅੱਧਾ ਕਿਲੋਮੀਟਰ ਦੂਰ ਤੱਕ ਬਿਖਰ ਗਿਆ ਅਤੇ ਇਨ੍ਹਾਂ ਘਰਾਂ ਨੂੰ ਅੱਗ ਲੱਗ ਗਈ। ਹਾਲਾਂਕਿ ਇਸ ਦੌਰਾਨ ਪਾਇਲਟ ਤੋਂ ਇਲਾਵਾ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਪਿੰਡ ਵਾਸੀਆਂ ਨੇ ਮਿੱਟੀ ਅਤੇ ਪਾਣੀ ਦੀ ਮਦਦ ਨਾਲ ਜਹਾਜ਼ ਅਤੇ ਘਰਾਂ ਨੂੰ ਲੱਗੀ ਅੱਗ ਨੂੰ ਬੁਝਾਇਆ।