ਪੈਰਾਂ ਹੇਠੋਂ ਖਿਸਕੀ ਸਿਆਸੀ ਜ਼ਮੀਨ ਹਾਸਲ ਕਰਨ ਲਈ ਹੱਥ ਪੈਰ ਮਾਰ ਰਹੇ ਸ਼੍ਰੋਮਣੀ ਅਕਾਲੀ ਦੇ ਅੰਦਰੋਂ ਵੀ ਬਾਗੀ ਸੁਰਾਂ ਉੱਠ ਰਹੀਆਂ ਹਨ ਜਿਨ੍ਹਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਈ ਅਹਿਮ ਐਲਾਨ ਕੀਤੇ ਹਨ। ਇਨ੍ਹਾਂ ‘ਚ ਪ੍ਰਧਾਨ ਦੀ ਕੁਰਸੀ ‘ਤੇ ਦਸ ਸਾਲ ਤੋਂ ਵੱਧ ਸਮੇਂ ਨਾ ਰਹਿਣਾ ਅਤੇ ਇਕ ਪਰਿਵਾਰ ਨੂੰ ਇਕ ਟਿਕਟ ਹੀ ਦੇਣਾ ਸ਼ਾਮਲ ਹੈ। ਪਰ ਹੁਣ ਸੁਆਲ ਇਹ ਪੈਦਾ ਹੋ ਰਹੇ ਹਨ ਕਿ ਕੀ ਇਹ ਸਿਰਫ ਉੱਠ ਰਹੀ ਬਗ਼ਾਵਤ ਨੂੰ ਠੰਢਾ ਕਰਨ ਲਈ ਹੋਇਆ ਹੈ ਜਾਂ ਇਸ ਨੂੰ ਅਮਲੀਜਾਮਾ ਵੀ ਪਹਿਨਾਇਆ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ ‘ਚ ਜਥੇਬੰਦਕ ਤਬਦੀਲੀਆਂ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਲਗਾਤਾਰ ਦੋ ਟਰਮਾਂ ਲਈ ਅਹੁਦੇ ‘ਤੇ ਬਣਿਆ ਰਹਿ ਸਕਦਾ ਹੈ। ਪ੍ਰਧਾਨ ਦਾ ਇਕ ਵਾਰ ਦਾ ਕਾਰਜਕਾਲ ਪੰਜ ਸਾਲਾਂ ਦਾ ਹੋਵੇਗਾ। ਇਸੇ ਤਰ੍ਹਾਂ ਚੋਣਾਂ ਦੌਰਾਨ ਇਕ ਪਰਿਵਾਰ ‘ਚ ਇਕ ਹੀ ਟਿਕਟ ਦੇਣ, ਜ਼ਿਲ੍ਹਾ ਪ੍ਰਧਾਨਾਂ ਦੇ ਚੋਣ ਲੜਨ ‘ਤੇ ਰੋਕ ਲਾਉਣ ਅਤੇ ਸੱਤਾ ‘ਚ ਆਉਣ ਦੀ ਸੂਰਤ ‘ਚ ਚੇਅਰਮੈਨੀਆਂ ਪਾਰਟੀ ਆਗੂਆਂ ਦੇ ਪਰਿਵਾਰਾਂ ਤੇ ਰਿਸ਼ਤੇਦਾਰਾਂ ਦੀ ਥਾਂ ਵਰਕਰਾਂ ਨੂੰ ਦੇਣ ਦਾ ਫੈਸਲਾ ਲਿਆ ਗਿਆ ਹੈ। ਪਾਰਟੀ ਪ੍ਰਧਾਨ ਨੇ ਅਕਾਲੀ ਦਲ ਦੀ ਕੋਰ ਕਮੇਟੀ ‘ਚ ਨਵੇਂ ਚਿਹਰੇ ਸ਼ਾਮਲ ਕਰਨ ਦਾ ਐਲਾਨ ਵੀ ਕੀਤਾ। ਬਾਦਲ ਨੇ ਕਿਹਾ ਕਿ ਸਾਲ 2027 ‘ਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ 117 ਹਲਕਿਆਂ ਲਈ ਦਿੱਤੀਆਂ ਜਾਣ ਵਾਲੀਆਂ ਪਾਰਟੀ ਦੀਆਂ ਟਿਕਟਾਂ ‘ਚੋਂ 50 ਫੀਸਦੀ ਟਿਕਟਾਂ 50 ਸਾਲ ਤੋਂ ਘੱਟ ਉਮਰ ਦੇ ਵਰਕਰਾਂ ਜਿਨ੍ਹਾਂ ‘ਚ ਮਹਿਲਾਵਾਂ ਵੀ ਸ਼ਾਮਲ ਹੋਣਗੀਆਂ, ਨੂੰ ਦਿੱਤੀਆਂ ਜਾਣਗੀਆਂ। ਇਨ੍ਹਾਂ ਐਲਾਨਾਂ ਨੂੰ ਇਤਿਹਾਸਕ ਕਰਾਰ ਦਿੰਦਿਆਂ ਪਾਰਟੀ ਪ੍ਰਧਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਵੱਧ ਤੋਂ ਵੱਧ ਦਸ ਸਾਲਾਂ ਜਾਂ ਦੋ ਟਰਮਾਂ ਲਈ ਅਹੁਦੇ ‘ਤੇ ਬਣਿਆ ਰਹਿ ਸਕਦਾ ਹੈ। ਉਸ ਤੋਂ ਬਾਅਦ ਇਕ ਵਾਰ ਬਰੇਕ ਲੈ ਕੇ ਅਗਲੀ ਵਾਰ ਫਿਰ ਪ੍ਰਧਾਨ ਦੀ ਚੋਣ ਲੜ ਸਕਦਾ ਹੈ। ਵਿਧਾਨ ਸਭਾ ਜਾਂ ਸੰਸਦੀ ਚੋਣਾਂ ਦੌਰਾਨ ਇਕ ਪਰਿਵਾਰ ‘ਚ ਸਿਰਫ ਇਕ ਹੀ ਟਿਕਟ ਦਿੱਤੀ ਜਾਵੇਗੀ। ਪਾਰਟੀ ਪ੍ਰਧਾਨ ਨੇ ਕਿਹਾ ਕਿ ਅਕਾਲੀ ਦਲ ਨਾਲ ਸਬੰਧਤ ਜੋ ਆਗੂ ਜਾਂ ਮੈਂਬਰ ਸਿੱਖ ਪਰਿਵਾਰ ਨਾਲ ਸਬੰਧ ਰੱਖਦਾ ਹੈ, ਅਜਿਹੇ ਵਿਅਕਤੀ ਦਾ ਸਿੱਖੀ ਸਰੂਪ ‘ਚ ਪਰਿਪੱਕ ਹੋਣਾ ਜ਼ਰੂਰੀ ਹੋਵੇਗਾ ਪਰ ਇਹ ਨਿਯਮ ਹੋਰਨਾਂ ਵਰਗਾਂ ਨਾਲ ਸਬੰਧ ਰੱਖਦੇ ਪਾਰਟੀ ਆਗੂਆਂ ਜਾਂ ਵਰਕਰਾਂ ‘ਤੇ ਲਾਗੂ ਨਹੀਂ ਹੋਵੇਗਾ। ਪਾਰਟੀ ਦੇ ਜਥੇਬੰਦਕ ਢਾਂਚੇ ਦੀ ਚੋਣ ਬਾਰੇ ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਬੂਥ ਪ੍ਰਧਾਨ, ਬੂਥ ਪ੍ਰਧਾਨ ਇਸਤਰੀ ਵਿੰਗ, ਬੂਥ ਪ੍ਰਧਾਨ ਯੂਥ ਵਿੰਗ ਦੀ ਚੋਣ ਪਿੰਡ ਵਾਲੇ ਬੂਥ ਦੇ ਲੋਕ ਖੁਦ ਇਕੱਠੇ ਹੋ ਕੇ ਕਰਨਗੇ। ਇਨ੍ਹਾਂ ਅਹੁਦਿਆਂ ਲਈ ਨਿਯੁਕਤੀਆਂ ਦੀ ਥਾਂ ਸਿਰਫ਼ ਚੋਣ ਹੋਵੇਗੀ। ਉਨ੍ਹਾਂ ਦੱਸਿਆ ਕਿ 25 ਬੂਥ ਪ੍ਰਧਾਨਾਂ ਵਿੱਚੋਂ ਸਰਕਲ ਪ੍ਰਧਾਨ ਚੁਣਿਆ ਜਾਵੇਗਾ। ਇਸੇ ਤਰ੍ਹਾਂ ਇਸਤਰੀ ਵਿੰਗ ਸਰਕਲ ਪ੍ਰਧਾਨ ਅਤੇ ਸਰਕਲ ਯੂਥ ਵਿੰਗ ਪ੍ਰਧਾਨ ਚੁਣੇ ਜਾਣਗੇ। ਇਸ ਸਾਰੀ ਪ੍ਰਕਿਰਿਆ ਨੂੰ 30 ਨਵੰਬਰ ਤੱਕ ਸਿਰੇ ਚਾੜ੍ਹਿਆ ਜਾਵੇਗਾ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪਾਰਟੀ ਦਾ ਕੋਈ ਵੀ ਜ਼ਿਲ੍ਹਾ ਪ੍ਰਧਾਨ ਕਿਸੇ ਵੀ ਤਰ੍ਹਾਂ ਦੀ ਚੋਣ ਨਹੀਂ ਲੜੇਗਾ। ਉਨ੍ਹਾਂ ਦੱਸਿਆ ਕਿ ਪਾਰਟੀ ਵੱਲੋਂ ਇੱਕ ਸੰਸਦੀ ਬੋਰਡ ਦਾ ਗਠਨ ਕੀਤਾ ਜਾਵੇਗਾ ਤੇ ਇਹ ਬੋਰਡ ਵਿਧਾਨ ਸਭਾ ਜਾਂ ਸੰਸਦੀ ਚੋਣਾਂ ਲੜਨ ਵਾਲਿਆਂ ਬਾਰੇ ਸਮੀਖਿਆ ਕਰੇਗਾ ਅਤੇ ਜਨ ਆਧਾਰ ਵਾਲੇ ਆਗੂਆਂ ਦੇ ਨਾਮ ਦੀ ਸਿਫਾਰਿਸ਼ ਕਰੇਗਾ। ਇਸੇ ਤਰ੍ਹਾਂ ਕੋਰ ਕਮੇਟੀ ‘ਚ ਨਵੇਂ ਚਿਹਰੇ ਸ਼ਾਮਲ ਕੀਤੇ ਜਾਣਗੇ। ਪਾਰਟੀ ਦੇ ਵਿਦਿਆਰਥੀ ਵਿੰਗ ਐੱਸ.ਓ.ਆਈ. ਅਤੇ ਸਿੱਖ ਸਟੂਡੈਂਟ ਫੈਡਰੇਸ਼ਨ ਬਹਾਲ ਕੀਤੇ ਜਾਣਗੇ ਜਿਨ੍ਹਾਂ ‘ਚ ਵੱਧ ਤੋਂ ਵੱਧ 30 ਸਾਲ ਉਮਰ ਵਰਗ ਵਾਲਿਆਂ ਅਤੇ ਸਿਰਫ਼ ਕਾਲਜਾਂ ਤੇ ਯੂਨੀਵਰਸਿਟੀਆਂ ‘ਚ ਪੜ੍ਹਦੇ ਨੌਜਵਾਨਾਂ ਦੀਆਂ ਨਿਯੁਕਤੀਆਂ ਹੋਣਗੀਆਂ।