ਯੂ.ਪੀ.ਐੱਸ.ਸੀ. ਦੀ ਮੁਸ਼ਕਲ ਪ੍ਰੀਖਿਆ ਮੰਨੀ ਜਾਂਦੀ ਹੈ ਜਿਸ ਨੂੰ ਪਾਸ ਕਰਨ ਲਈ ਦਿਨ-ਰਾਤ ਇਕ ਕਰਨਾ ਪੈਂਦਾ ਹੈ। ਇਸ ਪ੍ਰੀਖਿਆ ਨੂੰ ਪਾਸ ਕਰ ਕੇ ਇਕ ਪਰਿਵਾਰ ਦੇ 4 ਬੱਚਿਆਂ ਨੇ ਨਵਾਂ ਇਤਿਹਾਸ ਰਚ ਦਿੱਤਾ ਹੈ। ਇਹ ਬੱਚੇ ਹੋਰਨਾਂ ਬੱਚਿਆਂ ਲਈ ਪ੍ਰੇਰਣਾ ਸਰੋਤ ਬਣ ਗਏ ਹਨ। 4 ਭੈਣ-ਭਰਾਵਾਂ ਨੇ ਯੂ.ਪੀ.ਐੱਸ.ਸੀ. ਦੀ ਪ੍ਰੀਖਿਆ ਪਾਸ ਕਰਨ ਮਗਰੋਂ ਉੱਚ ਅਹੁਦਿਆਂ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ 4 ਭਰਾ-ਭੈਣਾਂ ‘ਚ ਦੋ ਭਰਾ ਅਤੇ ਦੋ ਭੈਣਾਂ ਹਨ। ਇਹ ਉੱਤਰ ਪ੍ਰਦੇਸ਼ ਦੇ ਲਾਲਗੰਜ ਦੇ ਰਹਿਣ ਵਾਲੇ ਹਨ। ਚਾਰੋਂ ਭਰਾ-ਭੈਣਾਂ ਦੇ ਪਿਤਾ ਅਨਿਲ ਪ੍ਰਕਾਸ਼ ਨੇ ਕਿਹਾ ਕਿ ਉਹ ਇਕ ਪੇਂਡੂ ਬੈਂਕ ‘ਚ ਮੈਨੇਜਰ ਸੀ। ਆਪਣੇ ਬੱਚਿਆਂ ਦੀ ਸਿੱਖਿਆ ਨੂੰ ਲੈ ਕੇ ਉਸਨੇ ਕਦੇ ਸਮਝੌਤਾ ਨਹੀਂ ਕੀਤਾ। ਉਹ ਚਾਹੁੰਦਾ ਸੀ ਕਿ ਉਨ੍ਹਾਂ ਨੂੰ ਚੰਗੀ ਨੌਕਰੀ ਮਿਲੇ ਅਤੇ ਬੱਚੇ ਆਪਣੀ ਪੜ੍ਹਾਈ ‘ਤੇ ਧਿਆਨ ਦੇਣ। ਉਨ੍ਹਾਂ ਕਿਹਾ ਕਿ ਮੈਂ ਆਪਣੇ ਬੱਚਿਆਂ ‘ਤੇ ਮਾਣ ਮਹਿਸੂਸ ਕਰਦਾ ਹਾਂ। ਮੈਂ ਹੁਣ ਹੋਰ ਕੀ ਮੰਗ ਸਕਦਾ ਹਾਂ? ਅੱਜ ਮੇਰਾ ਸਿਰ ਆਪਣੇ ਬੱਚਿਆਂ ਕਰਕੇ ਮਾਣ ਨਾਲ ਉੱਚਾ ਹੋ ਗਿਆ ਹੈ। ਚਾਰ ਭਰਾ-ਭੈਣਾਂ ‘ਚ ਸਭ ਤੋਂ ਵੱਡੇ ਯੋਗੇਸ਼ ਮਿਸ਼ਰਾ ਆਈ.ਏ.ਐੱਸ. ਅਫ਼ਸਰ ਹਨ। ਉਨ੍ਹਾਂ ਨੇ ਆਪਣੀ ਸ਼ੁਰੂਆਤੀ ਸਿੱਖਿਆ ਲਾਲਗੰਜ ‘ਚ ਪੂਰੀ ਕੀਤੀ ਅਤੇ ਫਿਰ ਮੋਤੀਲਾਲ ਨਹਿਰੂ ਰਾਸ਼ਟਰੀ ਤਕਨਾਲੋਜੀ ਸੰਸਥਾ ‘ਚ ਇੰਜੀਨੀਅਰਿੰਗ ਕੀਤੀ। ਯੋਗੇਸ਼ ਮਿਸ਼ਰਾ ਨੇ ਨੋਇਡਾ ‘ਚ ਨੌਕਰੀ ਕੀਤੀ ਪਰ ਸਿਵਲ ਸੇਵਾਵਾਂ ਦੀ ਤਿਆਰੀ ਜਾਰੀ ਰੱਖੀ। ਸਾਲ 2013 ‘ਚ ਉਨ੍ਹਾਂ ਨੇ ਯੂ.ਪੀ.ਐੱਸ.ਸੀ. ਦੀ ਪ੍ਰੀਖਿਆ ਪਾਸ ਕੀਤੀ। ਸਿਵਲ ਸਰਵਿਸਿਜ਼ ਦੀ ਤਿਆਰੀ ਕਰ ਰਹੀ ਯੋਗੇਸ਼ ਮਿਸ਼ਰਾ ਦੀ ਭੈਣ ਸ਼ਮਾ ਮਿਸ਼ਰਾ ਆਪਣੀਆਂ ਪਹਿਲੀਆਂ ਤਿੰਨ ਕੋਸ਼ਿਸ਼ਾਂ ਦੌਰਾਨ ਇਸ ਨੂੰ ਕਲੀਅਰ ਨਹੀਂ ਕਰ ਸਕੀ। ਹਾਲਾਂਕਿ ਉਸ ਨੇ ਆਪਣੀ ਚੌਥੀ ਕੋਸ਼ਿਸ਼ ਦੌਰਾਨ ਪ੍ਰੀਖਿਆ ਪਾਸ ਕੀਤੀ ਅਤੇ ਹੁਣ ਇਕ ਆਈ.ਪੀ.ਐੱਸ. ਅਧਿਕਾਰੀ ਹੈ। ਸ਼ਮਾ ਨੇ ਕਿਹਾ ਕਿ ਅਸੀਂ 4 ਭੈਣ-ਭਰਾ ਹਾਂ ਅਤੇ ਅਸੀਂ ਸਾਰਿਆਂ ਨੇ ਮਿਲ ਕੇ ਯੂ.ਪੀ.ਐੱਸ.ਸੀ. ਲਈ ਤਿਆਰੀ ਕੀਤੀ ਹੈ। ਇਸ ਨੂੰ ਕਿਸਮਤ ਕਹੋ, ਆਸ਼ੀਰਵਾਦ ਜਾਂ ਆਪਸੀ ਮੁਕਾਬਲਾ ਅਸੀਂ ਇਕ-ਦੂਜੇ ਲਈ ਸੀ, ਅਸੀਂ ਸਾਰਿਆਂ ਨੇ ਇਹ ਕਰ ਵਿਖਾਇਆ। ਤੀਜੀ ਭੈਣ ਮਾਧੁਰੀ ਮਿਸ਼ਰਾ ਨੇ ਲਾਲਗੰਜ ਦੇ ਇਕ ਕਾਲਜ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਆਪਣੀ ਪੋਸਟ ਗ੍ਰੈਜੂਏਸ਼ਨ ਕਰਨ ਲਈ ਇਲਾਹਾਬਾਦ ਚਲੀ ਗਈ। ਇਸ ਤੋਂ ਬਾਅਦ ਉਸ ਨੇ 2014 ‘ਚ ਯੂ.ਪੀ.ਐੱਸ.ਸੀ. ਦੀ ਪ੍ਰੀਖਿਆ ਸਫਲਤਾਪੂਰਵਕ ਪਾਸ ਕੀਤੀ ਅਤੇ ਝਾਰਖੰਡ ਕੇਡਰ ਦੀ ਅਧਿਕਾਰੀ ਬਣ ਗਈ। ਲੋਕੇਸ਼ ਮਿਸ਼ਰਾ, ਜੋ ਚਾਰੋਂ ਭਰਾ-ਭੈਣਾਂ ਵਿਚੋਂ ਸਭ ਤੋਂ ਛੋਟਾ ਹੈ, ਨੇ 2015 ਵਿਚ ਯੂ.ਪੀ.ਐੱਸ.ਸੀ. ਦੀ ਪ੍ਰੀਖਿਆ ‘ਚ 44ਵਾਂ ਰੈਂਕ ਹਾਸਲ ਕੀਤਾ ਸੀ ਅਤੇ ਉਹ ਵੀ ਹੁਣ ਆਈ.ਏ.ਐੱਸ. ਅਫ਼ਸਰ ਹੈ।