ਅਮਰੀਕਾ ‘ਚ ਲਗਾਤਾਰ ਅਪਰਾਧਕ ਘਟਨਾਵਾਂ ‘ਚ ਵਾਧਾ ਹੋ ਰਿਹਾ ਹੈ ਅਤੇ ਕਈ ਥਾਈਂ ਆਏ ਦਿਨ ਫਾਇਰਿੰਗ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਹੁਣ ਇਕੋ ਘਰ ‘ਚੋਂ 8 ਲੋਕਾਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਤਰਥੱਲੀ ਮਚੀ ਹੈ ਅਤੇ ਲਾਸ਼ਾਂ ‘ਤੇ ਗੋਲੀਆਂ ਦੇ ਨਿਸ਼ਾਨ ਦੱਸੇ ਗਏ ਹਨ। ਫਾਇਰਿੰਗ ਦਾ ਇਹ ਤਾਜ਼ਾ ਮਾਮਲਾ ਦੱਖਣੀ ਉਟਾਹ ‘ਚ ਸਾਹਮਣੇ ਆਇਆ ਹੈ। ਉਟਾਹ ‘ਚ ਇਕ ਘਰ ‘ਚੋਂ 5 ਬੱਚਿਆਂ ਸਮੇਤ 8 ਲੋਕਾਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਤਰਥੱਲੀ ਮਚ ਗਈ। ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਕਤਲ ਦਾ ਕਾਰਨ ਕੀ ਸੀ। ਸਾਲਟ ਲੇਕ ਸਿਟੀ ਦੇ ਪੱਛਮ ‘ਚ ਸਥਿਤ ਹਨੋਕ ਸ਼ਹਿਰ ‘ਚ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਉਹ ਨਿਯਮਤ ਤੌਰ ‘ਤੇ ਘਰਾਂ ਦੀ ਜਾਂਚ ਕਰ ਰਹੇ ਹਨ। ਜਾਂਚ ਦੌਰਾਨ ਇਕ ਘਰ ਵਿੱਚੋਂ 8 ਲਾਸ਼ਾਂ ਬਰਾਮਦ ਹੋਈਆਂ। ਆਇਰਨ ਕਾਉਂਟੀ ਸਕੂਲ ਡਿਸਟ੍ਰਿਕਟ ਦੇ ਅਧਿਕਾਰੀਆਂ ਨੇ ਮਾਪਿਆਂ ਨੂੰ ਲਿਖੇ ਪੱਤਰ ‘ਚ ਕਿਹਾ ਕਿ ਸਾਰੇ ਪੰਜ ਬੱਚੇ ਜ਼ਿਲ੍ਹੇ ਦੇ ਸਕੂਲਾਂ ‘ਚ ਪੜ੍ਹਦੇ ਹਨ। ਐਨੋਕ ਸਿਟੀ ਦੇ ਮੈਨੇਜਰ ਰੌਬ ਡੌਟਸਨ ਨੇ ਕਿਹਾ ਕਿ ਅੱਠ ਲਾਸ਼ਾਂ ਦੀ ਖਬਰ ਸੁਣ ਕੇ ਹਰ ਕੋਈ ਹੈਰਾਨ ਹੈ। ਉਟਾਹ ‘ਚ ਹਰ ਕੋਈ ਇਸ ਪਰਿਵਾਰ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਉਨ੍ਹਾਂ ਨੇ ਕਿਹਾ ਕਿ ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਦੇ ਨਾਲ ਚਰਚ ਵਿੱਚ, ਕਮਿਊਨਿਟੀ ਵਿੱਚ ਸੇਵਾ ਕੀਤੀ ਹੈ। ਅਧਿਕਾਰੀਆਂ ਦੁਆਰਾ ਜਾਰੀ ਕੀਤੀ ਗਈ ਪ੍ਰੈੱਸ ਰਿਲੀਜ਼ ਦੇ ਅਨੁਸਾਰ ਜਦੋਂ ਪੁਲੀਸ ਨੇ ਰਿਹਾਇਸ਼ ‘ਤੇ ਜਾਂਚ ਕੀਤੀ ਤਾਂ ਇਹ ਸਾਰੇ ਲੋਕ ਮ੍ਰਿਤਕ ਪਾਏ ਗਏ। ਲਗਭਗ 8000 ਲੋਕਾਂ ਦਾ ਇਹ ਸ਼ਹਿਰ ਸਾਲਟ ਲੇਕ ਸਿਟੀ ਤੋਂ ਲਗਭਗ 245 ਮੀਲ ਦੱਖਣ ‘ਚ ਸਥਿਤ ਹੈ। ਓਧਰ ਇੰਡੀਆਨਾ ਸੂਬੇ ਦੀ ਰਾਜਧਾਨਾ ਇੰਡੀਆਨਾਪੋਲਿਸ ‘ਚ ਇਕ ਸ਼ਾਪਿੰਗ ਮਾਲ ਦੇ ਬਾਹਰ ਰਾਤ ਸਮੇਂ ਗੋਲੀਬਾਰੀ ‘ਚ ਇਕ ਨਾਬਾਲਗ ਦੀ ਮੌਤ ਹੋ ਗਈ ਜਦੋਂਕਿ ਇਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ। ਇੰਡੀਆਨਾਪੋਲਿਸ ਮੈਟਰੋਪੋਲੀਟਨ ਪੁਲੀਸ ਵਿਭਾਗ ਨੇ ਕਿਹਾ ਕਿ ਗੋਲੀਬਾਰੀ ਰਾਤ 8 ਵਜੇ ਤੋਂ ਪਹਿਲਾਂ ਸ਼ਹਿਰ ਦੇ ਉੱਤਰ-ਪੂਰਬ ਵਾਲੇ ਪਾਸੇ ਕੈਸਲਟਨ ਸਕੁਏਅਰ ਮਾਲ ਦੇ ਬਾਹਰ ਹੋਈ। ਪੁਲੀਸ ਨੇ ਦੱਸਿਆ ਕਿ ਜ਼ਖ਼ਮੀ ਦੀ ਹਾਲਤ ਸਥਿਰ ਹੈ। ਇਸ ਗੋਲੀਬਾਰੀ ਦੇ ਸਬੰਧ ‘ਚ ਇਕ ਸ਼ੱਕੀ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਪੁਲੀਸ ਨੇ ਦੱਸਿਆ ਕਿ ਗੋਲੀ ਚੱਲਣ ਤੋਂ ਪਹਿਲਾਂ ਲੜਾਈ ਹੋਈ ਸੀ। ਜ਼ਿਕਰਯੋਗ ਹੈ ਕਿ ਜੁਲਾਈ 2021 ‘ਚ ਇਸ ਮਾਲ ਦੇ ਅੰਦਰ ਇਕ ਘਟਨਾ ‘ਚ ਇਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਗਈ ਸੀ।