ਵਿਜੈ ਹਜ਼ਾਰੇ ਟੂਰਨਾਮੈਂਟ ‘ਚ ਇਕ ਓਵਰ ‘ਚ ਸੱਤ ਛਿੱਕੇ ਜੜ ਕੇ ਮਹਾਰਾਸ਼ਟਰ ਦੇ ਕਪਤਾਨ ਰਿਤੂਰਾਜ ਗਾਇਕਵਾੜ ਨੇ ‘ਲਿਸਟ ਏ’ ਵਿੱਚ ਨਵਾਂ ਰਿਕਾਰਡ ਕਾਇਮ ਕੀਤਾ। ਗਾਇਕਵਾੜ ਨੇ ਅਜਿਹਾ ਕੁਆਰਟਰ ਫਾਈਨਲ ‘ਚ ਉੱਤਰ ਪ੍ਰਦੇਸ਼ ਖ਼ਿਲਾਫ਼ ਪਾਰੀ ਦੇ 49ਵੇਂ ਓਵਰ ‘ਚ ਕੀਤਾ। ਇਸ ਓਵਰ ‘ਚ ਉਸ ਨੇ ਕੁੱਲ 43 ਦੌੜਾਂ ਬਣੀਆਂ। ਇਸ ਤੋਂ ਪਹਿਲਾਂ 2018 ‘ਚ ਫੋਰਡ ਟਰਾਫੀ ‘ਚ ਨੌਰਦਰਨ ਡਿਸਟ੍ਰਿਕਟਸ ਵੱਲੋਂ ਬ੍ਰੈਟ ਹੈਂਪਟਨ ਅਤੇ ਜੋਅ ਕਾਰਟਰ ਨੇ ਸੈਂਟਰਲ ਡਿਸਟ੍ਰਿਕਟਸ ਦੇ ਵਿਲੇਮ ਲੁਡਿਕ ਦੇ ਓਵਰ ‘ਚ ਇੰਨੀਆਂ ਹੀ ਦੌੜਾਂ ਬਣਾਈਆਂ ਸਨ। ਇਕ ਓਵਰ ‘ਚ ਸਭ ਤੋਂ ਵੱਧ ਛਿੱਕੇ ਲਗਾਉਣ ਦਾ ਰਿਕਾਰਡ ਨਿਊਜ਼ੀਲੈਂਡ ਦੇ ਲੀ ਜੇਰਮਨ ਦੇ ਨਾਮ ਹੈ, ਜਿਸ ਨੇ ਵੈਲਿੰਗਟਨ ‘ਚ ਸ਼ੈੱਲ ਟਰਾਫੀ ਮੈਚ ‘ਚ ਅੱਠ ਛਿੱਕੇ ਲਗਾਏ ਸਨ। ਨਰਿੰਦਰ ਮੋਦੀ ਸਟੇਡੀਅਮ ਦੇ ਬੀ ਗਰਾਊਂਡ ‘ਚ ਖੇਡੇ ਗਏ ਮੈਚ ‘ਚ ਖੱਬੇ ਹੱਥ ਦੇ ਸਪਿੰਨਰ ਸ਼ਿਵਾ ਸਿੰਘ ਦੇ ਓਵਰ ਦੀ ਪੰਜਵੀਂ ਗੇਂਦ ਨੋ-ਬਾਲ ਰਹੀ ਅਤੇ ਗਾਇਕਵਾੜ ਨੇ ਉਸ ‘ਤੇ ਵੀ ਛਿੱਕਾ ਮਾਰ ਦਿੱਤਾ। ਸ਼ਿਵਾ ਸਿੰਘ ਨੇ ਨੌਂ ਓਵਰਾਂ ‘ਚ 88 ਦੌੜਾਂ ਦਿੱਤੀਆਂ। ਗਾਇਕਵਾੜ ਨੇ 159 ਗੇਂਦਾਂ ‘ਚ 10 ਚੌਕੇ ਅਤੇ 16 ਛਿੱਕਿਆਂ ਦੀ ਮਦਦ ਨਾਲ ਨਾਬਾਦ 220 ਦੌੜਾਂ ਬਣਾਈਆਂ। ਪਹਿਲਾਂ ਬੱਲੇਬਾਜ਼ੀ ਕਰਦਿਆਂ ਗਾਇਕਵਾੜ ਦੀ ਪਾਰੀ ਦੀ ਮਦਦ ਨਾਲ ਮਹਾਰਾਸ਼ਟਰ ਨੇ ਪੰਜ ਵਿਕਟਾਂ ਦੇ ਨੁਕਸਾਨ ‘ਤੇ 330 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦਿਆਂ ਉੱਤਰ ਪ੍ਰਦੇਸ਼ ਦੀ ਟੀਮ 47.4 ਓਵਰਾਂ ‘ਚ ਸਿਰਫ 272 ਦੌੜਾਂ ਹੀ ਬਣਾ ਸਕੀ ਅਤੇ ਮਹਾਰਾਸ਼ਟਰ ਨੇ ਇਹ ਮੈਚ 58 ਦੌੜਾਂ ਨਾਲ ਜਿੱਤ ਲਿਆ।