ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਲਾਲ ਕਿਲ੍ਹੇ ਤੋਂ ਪ੍ਰਧਾਨ ਮੰਤਰੀ ਨੇ 9ਵੀਂ ਵਾਰ ਰਾਸ਼ਟਰੀ ਝੰਡਾ ਲਹਿਰਾਇਆ। ਇਸ ਦੌਰਾਨ 21 ਤੋਪਾਂ ਦੀ ਸਲਾਮੀ ਵੀ ਦਿੱਤੀ ਗਈ। ਲਾਲ ਕਿਲ੍ਹੇ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੰਬੋਧਿਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਅਸੀਂ ਆਪਣੀ ਧਰਤੀ ਨਾਲ ਜੁੜਾਂਗੇ ਤਾਂ ਹੀ ਉੱਚਾ ਉਡਾਂਗੇ, ਦੁਨੀਆ ਨੂੰ ਹੱਲ ਦੇ ਸਕਾਂਗੇ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਦਾ ਲਾਲ ਕਿਲ੍ਹੇ ਤੋਂ ਦਰਦ ਵੀ ਛਲਕਿਆ। ਇਹ ਦਰਦ ਨਾਰੀ ਯਾਨੀ ਕਿ ਔਰਤਾਂ ਨੂੰ ਲੈ ਕੇ ਛਲਕਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੇਰੀ ਇਕ ਪੀੜਾ ਹੈ, ਮੇਰਾ ਦਰਦ ਹੈ, ਮੈਂ ਇਸ ਦਰਦ ਨੂੰ ਦੇਸ਼ ਵਾਸੀਆਂ ਦੇ ਸਾਹਮਣੇ ਨਹੀਂ ਕਹਾਂਗਾ ਤਾਂ ਕਿਸ ਨੂੰ ਕਹਾਂਗਾ। ਉਨ੍ਹਾਂ ਕਿਹਾ ਕਿ ਅੱਜ ਕਿਸੇ ਨਾ ਕਿਸੇ ਕਾਰਨ ਸਾਡੇ ਅੰਦਰ ਵਿਗਾੜ ਆਇਆ ਹੈ। ਸਾਡੀ ਬੋਲ-ਚਾਲ ‘ਚ, ਸਾਡੇ ਸੁਭਾਅ ‘ਚ। ਅਸੀਂ ਔਰਤ ਦਾ ਅਪਮਾਨ ਕਰਦੇ ਹਾਂ। ਕੀ ਅਸੀਂ ਸੁਭਾਅ ਤੋਂ, ਸੰਸਕਾਰ ਤੋਂ, ਰੋਜ਼ਾਨਾ ਦੀ ਜ਼ਿੰਦਗੀ ‘ਚ ਔਰਤ ਨੂੰ ਅਪਮਾਨਿਤ ਕਰਨ ਵਾਲੀ ਹਰ ਗੱਲ ਤੋਂ ਮੁਕਤੀ ਦਾ ਸੰਕਲਪ ਲੈ ਸਕਦੇ ਹਾਂ। ਨਾਰੀ ਦਾ ਗੌਰਵ ਰਾਸ਼ਟਰ ਦੇ ਸੁਫ਼ਨੇ ਪੂਰੇ ਕਰਨ ‘ਚ ਬਹੁਤ ਵੱਡੀ ਪੂੰਜੀ ਬਣਨ ਵਾਲਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਕੋਈ ਵੀ ਖੇਤਰ ਵੇਖ ਲਓ, ਸਾਡੇ ਦੇਸ਼ ਦੀ ਨਾਰੀ ਸ਼ਕਤੀ ਅੱਗੇ ਹੈ। ਪੁਲੀਸ ਹੋਵੇ ਜਾਂ ਖੇਡ ਦਾ ਮੈਦਾਨ, ਇੰਡੀਆ ਦੀ ਨਾਰੀ ਸ਼ਕਤੀ ਇਕ ਨਵੇਂ ਸੰਕਲਪ ਨਾਲ ਅੱਗੇ ਆ ਰਹੀ ਹੈ। ਆਉਣ ਵਾਲੇ 25 ਸਾਲਾਂ ‘ਚ ਮੈਂ ਨਾਰੀ ਸ਼ਕਤੀ ਦਾ ਯੋਗਦਾਨ ਵੇਖ ਰਿਹਾ ਹਾਂ। ਅਸੀਂ ਜਿੰਨੇ ਜ਼ਿਆਦਾ ਮੌਕੇ ਆਪਣੀਆਂ ਧੀਆਂ ਨੂੰ ਦੇਵਾਂਗੇ, ਉਹ ਦੇਸ਼ ਨੂੰ ਉੱਚਾਈ ‘ਤੇ ਲੈ ਕੇ ਜਾਣਗੀਆਂ।